22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਕੀ ਸਚਮੁੱਚ ਉਦਯੋਗਿਕ ਨਗਰੀ 'ਚ ਵਧ ਰਹੇ ਪ੍ਰਦੂਸ਼ਣ ਲਈ ਉਦਯੋਗ ਜ਼ਿੰਮੇਵਾਰ ਹਨ? <br/>

ਅਜੀਤ ਡੈਸਕ 22-07-2025

ਰਾਜੇਸ਼ ਸ਼ਰਮਾ
ਮੰਡੀ ਗੋਬਿੰਦਗੜ੍ਹ, 21 ਜੁਲਾਈ-ਸਟੀਲ ਸਿਟੀ ਦੇ ਨਾਂਅ ਨਾਲ ਜਾਣੀ ਜਾਂਦੀ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੀ ਹੈ, ਜਿੱਥੇ ਸੈਂਕੜੇ ਦੀ ਗਿਣਤੀ ਵਿਚ ਉਦਯੋਗ ਸਥਾਪਤ ਹਨ ਜਿਨ੍ਹਾਂ 'ਤੇ ਹਮੇਸ਼ਾਂ ਹੀ ਇਹ ਦੋਸ਼ ਲੱਗਦੇ ਰਹੇ ਹਨ ਕਿ ਇਹ ਹਵਾ ਪ੍ਰਦੂਸ਼ਣ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਅ ਰਹੇ ਹਨ ਤੇ ਇਨ੍ਹਾਂ ਉਦਯੋਗਿਕ ਖੇਤਰਾਂ ਦੀਆਂ ਚਿਮਨੀਆਂ 'ਚੋਂ ਨਿਕਲਦਾ ਕਾਲਾ ਧੂੰਆਂ ਸਾਫ਼ ਮਨੁੱਖੀ ਸਿਹਤ ਲਈ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਪਰ ਇਸ ਵੱਲ ਨਾ ਸਰਕਾਰ ਦਾ ਕੋਈ ਧਿਆਨ ਹੈ ਤੇ ਨਾ ਪ੍ਰਦੂਸ਼ਣ ਵਿਭਾਗ ਦਾ, ਇਹ ਨਹੀਂ ਕਿ ਉਦਯੋਗ ਜਗਤ ਕੋਲ ਇਸ ਦਾ ਕੋਈ ਹੱਲ ਨਹੀਂ, ਇਸ ਦੇ ਹੱਲ ਲਈ ਪਿਛਲੇ ਕੁਝ ਸਮਾਂ ਪਹਿਲਾਂ ਪੀ.ਐਨ.ਜੀ. ਗੈੱਸ (ਕੁਦਰਤੀ ਗੈੱਸ) ਲਿਆਂਦੀ ਗਈ ਸੀ ਤੇ ਕਈ ਉਦਯੋਗ ਇਸ ਗੈੱਸ ਨੂੰ ਅਪਣਾ ਵੀ ਚੁੱਕੇ ਸਨ ਜਿਸ ਨਾਲ ਕਾਫ਼ੀ ਹੱਦ ਤੱਕ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਘਟਿਆ ਸੀ, ਪਰ ਪਿਛਲੇ ਕੁਝ ਮਹੀਨਿਆਂ ਵਿਚ ਇਕ ਚਿੰਤਾਜਨਕ ਰੁਝਾਨ ਸਾਹਮਣੇ ਆਇਆ ਹੈ, ਜਿਸ ਵਿਚ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਨੇ ਕੁਦਰਤੀ ਗੈੱਸ ਦੀ ਬਜਾਏ ਕੋਲੇ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ, ਇਸਦਾ ਮੁੱਖ ਕਾਰਨ ਗੈੱਸ ਦੀਆਂ ਕੀਮਤਾਂ ਵਿਚ ਵਾਧਾ ਦੱਸਿਆ ਜਾ ਰਿਹਾ ਹੈ |
ਜ਼ਿਆਦਾਤਰ ਉਦਯੋਗਾਂ ਨੇ ਪੀ.ਐਨ.ਜੀ. ਗੈੱਸ ਦੀ ਵਰਤੋਂ ਬੰਦ ਕਰ ਦਿੱਤੀ ਹੈ-
ਸਥਾਨਕ ਕੁਦਰਤੀ ਗੈੱਸ ਕੰਪਨੀ ਆਈ.ਆਰ.ਐਮ.ਐਨਰਜੀ ਨੇ ਵੀ ਇਸ ਚਿੰਤਾਜਨਕ ਬਦਲਾਅ ਦੀ ਪੁਸ਼ਟੀ ਕੀਤੀ ਹੈ | ਉਦਯੋਗਿਕ ਇਕਾਈਆਂ ਅਕਸਰ ਬਾਲਣ ਦੀ ਵੱਧ ਲਾਗਤ ਕਾਰਨ ਕੋਲੇ ਦੀ ਵਰਤੋਂ ਕਰਦੀਆਂ ਹਨ, ਜਦੋਂ ਕਿ ਪੀ.ਐਨ.ਜੀ. ਗੈੱਸ ਵਾਤਾਵਰਨ ਅਨੁਕੂਲ ਹੈ ਤੇ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦੀ, ਪਰ ਪੀ.ਐਨ.ਜੀ. ਦੀ ਕੀਮਤ ਲਗਭਗ 42 ਰੁਪਏ ਹੈ, ਜਦੋਂ ਕਿ ਕੋਲਾ ਲਗਭਗ 15 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਉਪਲਬਧ ਹੈ | ਕੋਲਾ ਸਸਤਾ ਹੋਣ ਕਾਰਨ, ਉਦਯੋਗਿਕ ਇਕਾਈਆਂ ਕੋਲੇ ਨੂੰ ਵਧੇਰੇ ਤਰਜੀਹ ਦੇ ਰਹੀਆਂ ਹਨ | ਜੋ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਿਹਾ ਹੈ, ਆਈ.ਆਰ.ਐਮ. ਐਨਰਜੀ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਵਿਚ ਮੰਡੀ ਗੋਬਿੰਦਗੜ੍ਹ ਵਿਚ 9 ਉਦਯੋਗਾਂ ਨੇ ਕੁਦਰਤੀ ਗੈੱਸ ਦੀ ਵਰਤੋਂ ਬੰਦ ਕਰ ਦਿੱਤੀ ਹੈ ਤੇ ਉਦਯੋਗਾਂ ਨਾਲ ਸਾਡੀ ਗੱਲਬਾਤ ਦੇ ਅਨੁਸਾਰ ਉਨ੍ਹਾਂ ਨੇ ਆਪਣੇ ਉਦਯੋਗਿਕ ਬਾਲਣ ਦੀ ਖਪਤ ਲਈ ਕੋਲੇ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ | ਆਈ.ਆਰ.ਐਮ. ਪ੍ਰਤੀਨਿਧੀ ਨੇ ਕਿਹਾ ਕਿ ਹੁਣ ਤੱਕ ਮੰਡੀ ਗੋਬਿੰਦਗੜ੍ਹ ਵਿਚ ਕੁੱਲ 50 ਤੋਂ ਵੱਧ ਉਦਯੋਗਾਂ ਨੇ ਕੋਲੇ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ, ਜੋ ਪਹਿਲਾਂ ਕੁਦਰਤੀ ਗੈੱਸ 'ਤੇ ਕੰਮ ਕਰ ਰਹੇ ਸਨ |
ਕੀ ਕਹਿੰਦੇ ਹਨ ਉਦਯੋਗਪਤੀ-
ਜਦੋਂ ਇਸ ਸਬੰਧ ਵਿਚ ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ (ਆਇਸਰਾ) ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਤੇ ਉਦਯੋਗਪਤੀ ਹੇਮੰਤ ਬੱਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੀਤੇ ਗਏ ਸਰਵੇਖਣ ਵਿਚ ਉਦਯੋਗਾਂ ਦਾ ਪ੍ਰਦੂਸ਼ਣ ਫੈਲਾਉਣ ਵਿਚ ਕੋਈ ਵੱਡਾ ਰੋਲ ਨਹੀਂ ਹੈ, ਕਿਉਂਕਿ ਇਕ ਸਰਵੇਖਣ ਦੇ ਮੁਤਾਬਕ ਉਦਯੋਗਾਂ ਦਾ ਪ੍ਰਦੂਸ਼ਣ 23 ਫ਼ੀਸਦੀ ਦੇ ਕਰੀਬ ਹੈ, ਜਦੋਂਕਿ ਵੱਡੇ ਪੱਧਰ 'ਤੇ ਇਹ ਪ੍ਰਦੂਸ਼ਣ ਧੂੜ, ਮਿੱਟੀ ਤੇ ਵਾਹਨਾਂ ਕਾਰਨ ਹੋ ਰਿਹਾ ਹੈ, ਪਰ ਉਸ ਵੱਲ ਕੋਈ ਕੰਮ ਨਹੀਂ ਹੋ ਰਿਹਾ | ਉਲਟਾ ਪ੍ਰਦੂਸ਼ਣ ਕੰਟਰੋਲ ਬੋਰਡ ਉਦਯੋਗਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਝ ਉਦਯੋਗਪਤੀਆਂ ਨੇ ਲੱਖਾਂ ਕਰੋੜਾਂ ਰੁਪਏ ਖ਼ਰਚ ਕੇ ਆਪਣੀ ਇੰਡਸਟਰੀ ਨੂੰ ਪੀ.ਐਨ.ਜੀ. 'ਚ ਤਬਦੀਲ ਕਰ ਲਿਆ ਸੀ, ਉਸ ਸਮੇਂ ਪੀ.ਐਨ.ਜੀ. ਦਾ ਰੇਟ 18 ਰੁਪਏ ਦੇ ਕਰੀਬ ਸੀ, ਪਰ ਪੀ.ਐਨ.ਜੀ ਕੰਪਨੀ ਦੀ ਮਨਮਰਜੀ ਦੇ ਕਾਰਨ ਇਹ ਰੇਟ 56 ਰੁਪਏ ਦੇ ਕਰੀਬ ਪਹੁੰਚ ਗਏ ਸਨ ਤੇ ਹੁਣ 42 ਰੁਪਏ ਹੈ, ਜਦੋਂਕਿ ਕਿ ਕੋਇਲਾ ਇਸ ਨਾਲੋਂ ਕਿਤੇ ਸਸਤਾ ਹੈ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਉਦਯੋਗ ਮੁੜ ਕੋਲੇ ਨੂੰ ਅਪਣਾਉਣ ਲੱਗੇ ਹਨ, ਕਿਉਂਕਿ ਜੇਕਰ ਅਸੀਂ ਬਾਕੀ ਸੂਬਿਆਂ ਨਾਲ ਮੁਕਾਬਲਾ ਕਰਨਾ ਤੇ ਆਪਣੇ ਉਦਯੋਗਾਂ ਨੂੰ ਬਚਾਉਣਾ ਹੈ ਤਾਂ ਕੋਇਲਾ ਸਾਡੇ ਲਈ ਵਧੀਆ ਤੇ ਸਸਤਾ ਸਰੋਤ ਹੈ | ਜੇਕਰ ਕੁਦਰਤੀ ਗੈੱਸ ਕੰਪਨੀ ਆਈ.ਆਰ.ਐਮ. ਐਨਰਜੀ ਉਦਯੋਗਾਂ ਨੂੰ ਗੈੱਸ 'ਤੇ ਚਲਵਾਉਣਾ ਚਾਹੁੰਦੀ ਹੈ ਤਾਂ ਪਹਿਲਾਂ ਉਹ ਗੈੱਸ ਦੇ ਰੇਟ ਘਟਾਉਣ ਤਾਂ ਹੀ ਅਸੀਂ ਬਾਕੀ ਸੂਬਿਆਂ ਨਾਲ ਮੁਕਾਬਲਾ ਕਰ ਸਕਾਂਗੇ, ਕਿਉਂਕਿ ਮੰਡੀ ਗੋਬਿੰਦਗੜ੍ਹ ਦੀ ਸਨਅਤ ਵਿਚ ਤਿਆਰ ਮਾਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਮੰਡੀ ਗੋਬਿੰਦਗੜ੍ਹ ਦੀ ਸਨਅਤ ਦੂਜੇ ਰਾਜਾਂ ਦੇ ਮੁਕਾਬਲੇ ਤੋਂ ਬਾਹਰ ਹੋ ਗਈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀ ਗੋਬਿੰਦਗੜ੍ਹ ਦੀ ਕਈ ਸਾਲਾਂ ਤੋਂ ਚੱਲਦੀ ਆ ਰਹੀ ਛੋਟੀ ਇੰਡਸਟਰੀ ਨੂੰ ਬਚਾਉਣ ਲਈ ਕਦਮ ਚੁੱਕੇ ਅਤੇ ਇਸ ਮਾਮਲੇ ਵਿਚ ਵਿਚਾਰ ਕਰ ਇੰਡਸਟਰੀ ਨੂੰ ਕੁਝ ਰਾਹਤ ਦੇਵੇ |

ਪਿਛਲੀ ਖ਼ਬਰ ਕੈਬਨਿਟ ਸਬ-ਕਮੇਟੀ ਵਲੋਂ ਨਗਰ ਨਿਗਮਾਂ ਦੀਆਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਭਾਰਤੀ ਕਿਸਾਨ ਵਿਸ਼ਵ ਭਰ ਦੀ 27 ਫ਼ੀਸਦੀ ਆਬਾਦੀ ਦਾ ਢਿੱਡ ਭਰਨ 'ਚ ਮੋਹਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।