22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪੰਜ ਮੈਂਬਰੀ (ਭਰਤੀ ਕਮੇਟੀ) ਵਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ '11 ਅਗਸਤ' ਨੂੰ ਸੱਦਿਆ ਜਨਰਲ ਇਜਲਾਸ <br/>

ਅਜੀਤ ਡੈਸਕ 22-07-2025
ਜਸਵੰਤ ਸਿੰਘ ਜੱਸ
ਅੰਮਿ੍ਤਸਰ, 21 ਜੁਲਾਈ-ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ 2 ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਵਲੋਂ ਜਾਰੀ ਆਦੇਸ਼ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਗਠਿਤ ਕੀਤੀ ਗਈ 7 ਮੈਂਬਰੀ ਭਰਤੀ ਕਮੇਟੀ (ਹੁਣ 5 ਮੈਂਬਰੀ) ਵਲੋਂ ਭਰਤੀ ਉਪਰੰਤ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 11 ਅਗਸਤ ਨੂੰ ਸ਼ੋ੍ਰਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਸਥਿਤ ਇਤਿਹਾਸਕ ਤੇਜਾ ਸਿੰੰਘ ਸਮੁੰਦਰੀ ਹਾਲ ਵਿਖੇ ਸੱਦੇ ਜਨਰਲ ਇਜਲਾਸ ਦੇ ਐਲਾਨ ਤੋਂ ਬਾਅਦ ਪੰਥਕ ਹਲਕਿਆਂ ਵਿਚ ਚਰਚਾ ਸ਼ੁਰੂ ਹੋ ਗਈ ਹੈ | ਇਸ ਤੋਂ ਪਹਿਲਾਂ ਸ਼ੋ੍ਰਮਣੀ ਅਕਾਲ ਦਲ (ਬਾਦਲ) ਵਲੋਂ ਦਲ ਦੀ ਰਵਾਇਤ ਅਨੁਸਾਰ ਆਪਣਾ ਜਨਰਲ ਡੈਲੀਗੇਟ ਇਜਲਾਸ ਪਹਿਲਾਂ ਹੀ ਇਸੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੀਤੀ 12 ਅਪ੍ਰੈਲ ਨੂੰ ਕੀਤਾ ਗਿਆ ਸੀ, ਜਿਸ ਦੌਰਾਨ ਸਰਬਸੰਮਤੀ ਨਾਲ ਸੁਖਬੀਰ ਸਿਘ ਬਾਦਲ ਨੂੰ ਹੀ ਸਰਬਸੰਮਤੀ ਨਾਲ ਚੌਥੀ ਵਾਰ ਮੁੜ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਸੀ ਤੇ ਪਾਰਟੀ ਦੀ ਨਵੀਂ ਵਰਕਿੰਗ ਕਮੇਟੀ ਗਠਿਤ ਕਰਨ ਲਈ ਵੀ ਅਧਿਕਾਰ ਦਿੱਤੇ ਗਏ ਸਨ | ਹੁਣ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਅਨੁਸਾਰ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਆਰੰਭੀ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਡੈਲੀਗੇਟ ਇਜਲਾਸ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੀ 11 ਅਗਸਤ ਨੂੰ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨੇ ਸ਼ੋ੍ਰਮਣੀ ਕਮੇਟੀ ਨੂੰ ਕਸੂਤੀ ਪ੍ਰੀਖਿਆ ਵਿਚ ਪਾ ਦਿੱਤਾ ਹੈ | ਹਾਲਾਂਕਿ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਸਮੁੰਦਰੀ ਹਾਲ ਵਿਖੇ ਜਨਰਲ ਇਜਲਾਸ ਕਰਨ ਲਈ ਸ਼ੋ੍ਰਮਣੀ ਕਮੇਟੀ ਨੂੰ ਇਕ ਦੋ ਦਿਨਾਂ ਤੱਕ ਰਸਮੀ ਤੌਰ 'ਤੇ ਬੇਨਤੀ ਪੱਤਰ ਵੀ ਦਿੱਤਾ ਜਾ ਰਿਹਾ ਹੈ ਪਰ ਸ਼ੋ੍ਰਮਣੀ ਕਮੇਟੀ ਗਲਿਆਰਿਆਂ ਵਿਚ ਹੁਣ ਤੋਂ ਹੀ ਇਜ਼ਾਜਤ ਦੇਣ ਜਾਂ ਨਾ ਦੇਣ ਦੇ ਮਾਮਲੇ 'ਤੇ ਚਰਚਾ ਸ਼ੁਰੂ ਹੋ ਗਈ ਹੈ | ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ 7 ਮਹੀਨੇ ਪਹਿਲਾਂ ਗਠਿਤ ਭਰਤੀ ਕਮੇਟੀ ਨੂੰ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਕਿਸ ਪੱਧਰ ਦੀ ਮਾਨਤਾ ਹੈ, ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀ ਹੈ ਪਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ 12 ਅਪ੍ਰੈਲ ਦੇ ਜਨਰਲ ਇਜਲਾਸ ਦੌਰਾਨ ਪ੍ਰਧਾਨ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਥੇਦਾਰ ਗੜਗੱਜ ਨਾਲ ਉਸੇ ਦਿਨ ਮੁਲਾਕਾਤ ਕਰਕੇ ਉਨ੍ਹਾਂ ਤੋਂ ਇਕ ਤਰ੍ਹਾਂ ਨਾਲ ਸਨਮਾਨ ਰੂਪੀ ਮਾਨਤਾ ਪ੍ਰਾਪਤ ਕਰ ਚੁੱਕੇ ਹਨ | ਦੂਜੇ ਪਾਸੇ ਸ਼ੋ੍ਰਮਣੀ ਕਮੇਟੀ ਦੇ ਕਾਫੀ ਗਿਣਤੀ ਵਿਚ ਮੈਂਬਰ ਸਾਹਿਬਾਨ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੀ ਸਮਰਥਕ ਹਨ ਤੇ ਉਨ੍ਹਾਂ ਵਲੋਂ 11 ਦਾ ਇਜਲਾਸ ਕਰਨ ਦੀ ਪ੍ਰਵਾਨਗੀ ਲੈਣ ਲਈ ਪ੍ਰਧਾਨ ਧਾਮੀ 'ਤੇ ਜ਼ੋਰ ਪਾਏ ਜਾਣ ਦੀ ਸੰਭਾਵਨਾ ਹੈ ਤੇ ਪ੍ਰਵਾਨਗੀ ਨਾ ਮਿਲਣ ਦੀ ਸੂਰਤ ਵਿਚ ਕਿਸੇ ਸੰਭਾਵੀ ਟਕਰਾਅ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ |
ਸ਼ੋ੍ਰਮਣੀ ਕਮੇਟੀ ਵਲੋਂ 5 ਅਗਸਤ ਦੇ ਵਿਸ਼ੇਸ਼ ਇਜਲਾਸ ਦੀਆਂ ਤਿਆਰੀਆਂ ਆਰੰਭ :-
ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੁਆਰਾ ਕੁਝ ਦਿਨ ਪਹਿਲਾਂ ਐਲਾਨੇ ਸ਼ੋ੍ਰਮਣੀ ਕਮੇਟੀ ਦੇ 5 ਅਗਸਤ ਦੇ ਵਿਸ਼ੇਸ਼ ਜਨਰਲ ਇਜਲਾਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ | ਇਹ ਇਜਲਾਸ ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਰਮਿਆਨ ਪੈਦਾ ਹੋਏ ਵਿਵਾਦ ਤੋਂ ਬਾਅਦ ਤਖ਼ਤ ਸਾਹਿਬਾਨ ਦੀ ਮਰਿਆਦਾ ਸੰਬੰਧੀ ਵਿਚਾਰ ਕਰਨ ਲਈ ਸੱਦਿਆ ਗਿਆ ਸੀ, ਪਰ ਇਹ ਵਿਵਾਦ ਹੁਣ ਖਤਮ ਹੋ ਜਾਣ ਬਾਅਦ ਇਸ ਇਜਲਾਸ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਕੁਝ ਦਿਨਾਂ ਤੋਂ ਮਿਲ ਰਹੀਆਂ ਧਮਕੀਆਂ, ਪੰਜਾਬ ਸਰਕਾਰ ਵਲੋਂ ਵੱਖਰੇ ਤੌਰ 'ਤੇ ਸ਼ਤਾਬਦੀ ਸਮਾਗਮ ਕਰਨ ਤੇ ਬੇਅਦਬੀ ਮਾਮਲਿਆਂ ਸੰਬੰਧੀ ਲਿਆਂਦੇ ਗਏ ਬਿੱਲ ਸਮੇਤ ਹੋਰ ਪੰਥਕ ਮਾਮਲਿਆਂ ਸੰਬੰਧੀ ਵੀ ਵਿਚਾਰ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ -ਮਾਮਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ- ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅੱਜ <br/> ਅਗਲੀ ਖ਼ਬਰ ਫਰਾਂਸ ਤੇ ਪਾਕਿਸਤਾਨ ਆਧਾਰਿਤ ਹਥਿਆਰ ਤਸਕਰੀ ਗਰੋਹ ਦਾ ਪਰਦਾਫਾਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।