ਹਰਸਾ ਛੀਨਾ, 20 ਜੁਲਾਈ (ਕੜਿਆਲ)-ਬੀਤੇ ਕੁਝ ਸਮੇਂ ਤੋਂ ਗੁਰਸਿੱਖ ਪਰਿਵਾਰਾਂ ਦੀਆਂ ਲੜਕੀਆਂ ਵਲੋਂ ਗ਼ੈਰ ਸਿੱਖ ਸਮਾਜ ਵਿਚ ਵਿਆਹ ਕਰਨ ਦੇ ਵਧੇ ਰੁਝਾਨ ਨੂੰ ਰੋਕਣ ਲਈ ਤਖਤ ਸਹਿਬ ਤੋਂ ਹੁਕਮਨਾਮਾਂ ਜਾਰੀ ਕਰਵਾਉਣ ਲਈ ਸੱਚਖੰਡ ਬੋਰਡ ਮੈਂਬਰ ਮਨਪ੍ਰੀਤ ਸਿੰਘ ਕੁੰਜੀਵਾਲੇ ਤੇ ਹਜੂਰੀ ਸਾਧ ਸੰਗਤ ਵਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨੰਦੇੜ ਦੇ ਕਾਰਜਕਾਰੀ ਜਥੇ. ਸਿੰਘ ਸਾਹਿਬ ਗਿਆਨੀ ਰਾਮ ਸਿੰਘ ਧੂਪੀਆ ਨੂੰ ਮਿਲਕੇ ਮੇਜਰਨਾਵਾਂ ਸੌਂਪਿਆ ਗਿਆ | 'ਅਜੀਤ' ਨਾਲ ਟੈਲੀਫੋਨ ਰਾਹੀਂ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਕੁੰਜੀ ਵਾਲੇ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਵਿਚ ਸਿੱਖ ਸਮਾਜ ਦੇ ਗੁਰਸਿੱਖ ਪਰਿਵਾਰ ਦੀਆਂ ਲੜਕੀਆਂ ਵਲੋਂ ਵੱਡੀ ਗਿਣਤੀ ਵਿਚ ਗ਼ੈਰ ਸਿੱਖ ਪਰਿਵਾਰਾਂ ਦੇ ਲੜਕਿਆਂ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ ਜੋ ਸਿੱਖ ਧਰਮ ਲਈ ਖਤਰੇ ਦੀ ਘੰਟੀ ਹੈ ਤੇ ਕਿਸੇ ਸਾਜਿਸ਼ ਵੱਲ ਇਸ਼ਾਰਾ ਕਰਦੀ ਹੈ ਤੇ ਅਜਿਹੇ ਵਿਆਹਾਂ ਨੂੰ ਗੁਰਸਿੱਖ ਪਰਿਵਾਰਾਂ ਵਲੋਂ ਸਵੀਕਾਰਨਾ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਦੱਸਿਆ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਕਿਸੇ ਵੀ ਗੁਰਸਿੱਖ ਲੜਕੇ-ਲੜਕੀ ਦਾ ਵਿਆਹ ਕਿਸੇ ਗੁਰਸਿੱਖ ਲੜਕੇ-ਲੜਕੀ ਨਾਲ ਹੀ ਹੋ ਸਕਦਾ ਹੈ | ਸ. ਕੁੰਜੀਵਾਲਾ ਨੇ ਦੱਸਿਆ ਕਿ ਹਜ਼ੂਰੀ ਸਾਧ ਸੰਗਤ ਵਲੋਂ ਸਿੰਘ ਸਾਹਿਬਾਨ ਨੂੰ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਕਿ ਗ਼ੈਰ ਸਿੱਖ ਲੜਕੇ ਨਾਲ ਵਿਆਹ ਕਰਨ ਵਾਲੀ ਲੜਕੀ ਦੇ ਪਰਿਵਾਰ ਵਲੋਂ ਵਿਆਹ ਨੂੰ ਸਵੀਕਾਰ ਕੀਤੇ ਜਾਣ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਪੰਥਕ ਕਾਰਵਾਈ ਕਰਦਿਆਂ ਪੰਥ ਵਿਚੋਂ ਛੇਕੇ ਜਾਣ ਸੰਬੰਧੀ ਹੁਕਮਨਾਮਾਂ ਜਾਰੀ ਕੀਤਾ ਜਾਵੇ | ਇਸ ਸੰਬੰਧੀ ਸਿੰਘ ਸਹਿਬਾਨ ਗਿਆਨੀ ਰਾਮ ਸਿੰਘ ਵਲੋਂ ਭਰੋਸਾ ਦਿੱਤਾ ਗਿਆ ਕਿ ਮਸਲੇ ਦੀ ਗੰਭੀਰਤਾ ਨੂੰ ਦੇਖਦਿਆਂ ਤਖ਼ਤ ਸਾਹਿਬ ਵਲੋਂ ਜਲਦ ਫ਼ੈਸਲਾ ਲਿਆ ਜਾਵੇਗਾ | ਇਸ ਵਫਦ ਵਿਚ ਜਸਪਾਲ ਸਿੰਘ ਲਾਂਗਰੀ, ਅਮਰਪ੍ਰੀਤ ਸਿੰਘ ਹੰਡੀ, ਸਰਬਜੀਤ ਸਿੰਘ ਹੋਟਲ ਵਾਲੇ, ਮਨਬੀਰ ਸਿੰਘ ਗ੍ਰੰਥੀ, ਯਸਦੀਪ ਸਿੰਘ ਬੁੰਗਈ, ਜਸਬੀਰ ਸਿੰਘ ਬੁੰਗਈ, ਚਰਨਜੀਤ ਸਿੰਘ ਭੰਡਾਰੀ, ਅਮਨ ਸਿੰਘ ਅਟਵਾਲ, ਤੇਜਿੰਦਰ ਸਿੰਘ ਰਾਗੀ ਸਮੇਤ ਹੋਰ ਨੌਜਵਾਨ ਹਾਜ਼ਰ ਸਨ |
ਗੁਰਸਿੱਖ ਲੜਕੀਆਂ ਵਲੋਂ ਗ਼ੈਰ ਸਿੱਖਾਂ ਨਾਲ ਵਿਆਹ ਕਰਵਾਏ ਜਾਣ ਦੇ ਵਧਦੇ ਰੁਝਾਨ ਖ਼ਿਲਾਫ਼ ਕਾਰਜਕਾਰੀ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
ਅਜੀਤ ਡੈਸਕ
21-07-2025