ਅੰਮਿ੍ਤਸਰ, 20 ਜੁਲਾਈ (ਸੁਰਿੰਦਰ ਕੋਛੜ)-ਸੰਭਾਵੀ ਹੜ੍ਹਾਂ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਪਾਕਿਸਤਾਨ ਨੇ ਅਧਿਕਾਰਤ ਤੌਰ 'ਤੇ ਮੰਗ ਕੀਤੀ ਹੈ ਕਿ ਭਾਰਤ ਕਿਸੇ ਵੀ ਅਸਾਧਾਰਨ ਹੜ੍ਹਾਂ ਦੇ ਪਾਣੀ ਦੀ ਰਿਹਾਈ ਦੀ ਅਗਾਊਾ ਸੂਚਨਾ ਜਾਰੀ ਕਰਕੇ ਸਿੰਧੂ ਜਲ ਸੰਧੀ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇ | ਪਾਕਿਸਤਾਨੀ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਹੁਣ ਤੱਕ ਪਾਕਿ ਦੀਆਂ ਇਸ ਬਾਰੇ 'ਚ ਵਾਰ-ਵਾਰ ਕੀਤੀਆਂ ਗਈਆਂ ਬੇਨਤੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਦਾ ਆ ਰਿਹਾ ਹੈ | ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਸਿੰਧੂ ਜਲ ਸੰਧੀ ਦੇ ਤਹਿਤ ਕਾਨੂੰਨੀ ਤੌਰ 'ਤੇ ਭਾਰਤ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਕਿ ਨੂੰ ਕਿਸੇ ਵੀ ਅਸਧਾਰਨ ਨਿਕਾਸ ਜਾਂ ਡੈਮਾਂ ਅਤੇ ਜਲ ਭੰਡਾਰਾਂ ਤੋਂ ਹੜ੍ਹ ਰਿਲੇਅ ਬਾਰੇ ਅਗਾਊਾ ਸੂਚਿਤ ਕਰੇ | ਅਧਿਕਾਰੀਆਂ ਨੇ ਅਪੀਲ ਕਰਦਿਆਂ ਕਿਹਾ ਕਿ ਪੂਰਬੀ ਦਰਿਆਵਾਂ ਦੇ ਹੇਠਲੇ ਬੇਸਿਨਾਂ 'ਚ ਖ਼ਾਸ ਕਰਕੇ ਭਾਰਤੀ ਡੈਮਾਂ ਦੇ ਹੇਠਾਂ ਅਸਾਧਾਰਨ ਬਾਰਿਸ਼ ਪਾਕਿ 'ਚ ਅਚਾਨਕ ਹੜ੍ਹ ਲਿਆ ਸਕਦੀ ਹੈ | ਉਨ੍ਹਾਂ ਨੇ ਪਾਕਿ ਸਰਕਾਰ ਨੂੰ ਅਗਾਊਾ ਸੂਚਨਾ ਧਾਰਾ ਨੂੰ ਬਿਨਾਂ ਦੇਰੀ ਦੇ ਲਾਗੂ ਕਰਵਾਉਣ ਹਿਤ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦੀ ਵੀ ਅਪੀਲ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਕਈ ਵਾਰ ਮਿੰਨਤਾਂ ਕਰਨ ਦੇ ਬਾਵਜੂਦ ਇਸ ਮਾਮਲੇ 'ਤੇ ਭਾਰਤ ਵਲੋਂ ਕੋਈ ਰਸਮੀ ਜਵਾਬ ਨਹੀਂ ਦਿੱਤਾ ਗਿਆ ਹੈ, ਜਿਸ ਨਾਲ ਪਾਕਿਸਤਾਨ ਦੇ ਹੜ੍ਹ ਪ੍ਰਬੰਧਨ ਸਰਕਲਾਂ 'ਚ ਚਿੰਤਾ ਪੈਦਾ ਹੋ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਸਿੰਧੂ ਜਲ ਸੰਧੀ ਦੇ ਮੁਅੱਤਲ ਹੋਣ ਕਾਰਨ ਭਾਰਤ ਵਲੋਂ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਬਾਰੇ ਕੋਈ ਜਾਣਕਾਰੀ ਮੁਹੱਈਆ ਨਾ ਕਰਵਾਏ ਜਾਣ ਕਰਕੇ ਪਾਕਿਸਤਾਨ ਇਸ ਸਮੇਂ ਸੈਟੇਲਾਈਟ ਡੇਟਾ ਤੇ ਫ਼ੀਲਡ ਰਿਪੋਰਟਾਂ ਸਮੇਤ ਵਿਕਲਪਿਕ ਸਾਧਨਾਂ ਰਾਹੀਂ ਚਨਾਬ, ਸਤਲੁਜ ਤੇ ਰਾਵੀ ਨਦੀਆਂ ਵਿਚ ਹੜ੍ਹਾਂ ਦੇ ਵਹਾਅ ਦੀ ਨਿਗਰਾਨੀ ਕਰ ਰਿਹਾ ਹੈ | ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨਾਲ ਹੜ੍ਹਾਂ ਬਾਰੇ ਗੱਲਬਾਤ ਪਾਕਿ ਦੇ ਬਹੁਤ ਸਾਰੇ ਇਲਾਕਿਆਂ ਨੂੰ ਅਚਾਨਕ ਹੜ੍ਹਾਂ ਦੇ ਵਿਨਾਸ਼ਕਾਰੀ ਪ੍ਰਭਾਵ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿ ਸਰਕਾਰ ਦਾ ਇਹ ਕਦਮ ਪਾਕਿਸਤਾਨੀਆਂ ਦੀਆਂ ਕੀਮਤੀ ਜਾਨਾਂ ਬਚਾਉਣ 'ਚ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ |
ਤਬਾਹੀ ਤੋਂ ਘਬਰਾਏ ਪਾਕਿ ਨੇ ਭਾਰਤ ਨੂੰ ਸਿੰਧੂ ਜਲ ਸੰਧੀ ਤਹਿਤ ਹੜ੍ਹਾਂ ਦੀਆਂ ਚਿਤਾਵਨੀਆਂ ਜਾਰੀ ਕਰਨ ਦੀ ਕੀਤੀ ਅਪੀਲ
ਅਜੀਤ ਡੈਸਕ
21-07-2025