ਰੁਪਾਣਾ, 5 ਨਵੰਬਰ (ਜਗਜੀਤ ਸਿੰਘ)-ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਧਿਗਾਣਾ ਜੋ ਕਿ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਰੁਪਾਣਾ ਤੋਂ ਆਪਣੇ ਘਰ ਜਾ ਰਿਹਾ ਸੀ | ਜਦ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਸਥਿਤ ਰਾਜਸਥਾਨੀ ਪੰਪ ਕੋਲ ਪਹੁੰਚ ਕੇ ਆਪਣੇ ਪਿੰਡ ਨੂੰ ਜਾਣ ਵਾਲੀ ਸੜਕ 'ਤੇ ਮੁੜ ਰਿਹਾ ਸੀ ਤਾਂ ਅਚਾਨਕ ਪਿੱਛੇ ਤੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ | ਇਸ ਦੌਰਾਨ ਸੜਕ 'ਤੇ ਡਿੱਗਣ ਕਾਰਨ ਦਰਸ਼ਨ ਸਿੰੰਘ ਗੰਭੀਰ ਜ਼ਖ਼ਮੀ ਹੋ ਗਿਆ | ਤੁਰੰਤ ਐੱਸ.ਐੱਸ.ਐੱਫ਼. ਦੇ ਮੁਲਾਜ਼ਮਾਂ ਨੇ ਮੌਕੇ 'ਤੇ ਜ਼ਖ਼ਮੀ ਨੂੰ ਚੁੱਕ ਕੇ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ਦਾਖ਼ਲ ਕਰਵਾਇਆ | ਹਸਪਤਾਲ 'ਚ ਹਾਜ਼ਰ ਡਾਕਟਰ ਵਲੋਂ ਚੈੱਕਅਪ ਕਰਨ 'ਤੇ ਦਰਸ਼ਨ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ | ਕਾਰ ਸਵਾਰ ਹਰਿਆਣਾ ਦਾ ਵਾਸੀ ਹੈ | ਹੋਰ ਜਾਣਕਾਰੀ ਤੋ ਪਤਾ ਲੱਗਾ ਹੈ ਕਿ ਮਿ੍ਤਕ ਦਰਸ਼ਨ ਸਿੰਘ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਗਰੁੱਪ ਦਾ ਮੈਂਬਰ ਸੀ ਅਤੇ ਕਿਸਾਨੀ ਮਸਲਿਆਂ ਵਿਚ ਵਧ-ਚੜ੍ਹ ਕੇ ਭਾਗ ਲੈਂਦਾ ਸੀ |