10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਦੋ ਦਹਾਕੇ ਬਾਅਦ ਨਵਿਆਈ ਸੜਕ ਅੱਧ-ਵਿਚਕਾਰ ਲਟਕੀ

ਗਿੱਦੜਬਾਹਾ-ਲੰਬੀ ਸੜਕ ਦਾ ਬਿਨਾਂ ਨਿਰਮਾਣ ਪਿਆ ਸੜਕੀ ਹਿੱਸਾ | (ਸੱਜੇ) ਸੜਕ ਵਿਚਕਾਰ ਉਖੜੀ ਹੋਈ ਬਜਰੀ | ਤਸਵੀਰ: ਸ਼ਿਵਰਾਜ ਸਿੰਘ ਬਰਾੜ <br/> 27-12-2025
ਗਿੱਦੜਬਾਹਾ, 26 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਦੋ ਦਹਾਕੇ ਬਾਅਦ ਨਵਿਆਈ ਜਾਣ ਵਾਲੀ ਗਿੱਦੜਬਾਹਾ-ਲੰਬੀ ਸੜਕ ਅੱਧ-ਵਿਚਕਾਰ ਲਟਕ ਗਈ ਹੈ | ਅਧਿਕਾਰੀ ਫ਼ੰਡਾਂ ਦੀ ਘਾਟ ਦੱਸ ਕੇ ਪੱਲਾ ਝਾੜ ਰਹੇ ਹਨ | ਦੋ ਮਹੀਨੇ ਪਹਿਲਾਂ ਹੀ ਨਵਿਆਇਆ ਗਿਆ ਸੜਕ ਦਾ ਹਿੱਸਾ ਅਨੇਕਾਂ ਥਾਵਾਂ ਤੋਂ ਉਖੜ ਰਿਹਾ ਹੈ, ਜਿਸ ਕਾਰਨ ਸੂਬਾ ਸਰਕਾਰ ਵਲੋਂ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਦਾਅਵਿਆਂ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ | ਜ਼ਿਕਰਯੋਗ ਹੈ ਕਿ ਗਿੱਦੜਬਾਹਾ-ਲੰਬੀ ਸੜਕ 20 ਕੁ ਸਾਲ ਪਹਿਲਾਂ ਨਵਿਆਈ ਗਈ ਸੀ, ਜੋ ਕਿ ਕਈ ਸਾਲਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ | ਅਸਚਰਜ ਦੀ ਗੱਲ ਇਹ ਹੈ ਕਿ ਉਕਤ 17 ਕੁ ਕਿੱਲੋਮੀਟਰ ਲੰਬਾਈ ਦੇ ਲਗਭਗ ਸੜਕ ਨੂੰ ਨਵਿਆਉਣ ਦਾ ਕਾਰਜ ਬੀਤੇ 5 ਕੁ ਮਹੀਨੇ ਪਹਿਲਾਂ ਧੀਮੀ ਗਤੀ ਨਾਲ ਸ਼ੁਰੂ ਕੀਤਾ ਗਿਆ ਸੀ | ਆਰ.ਟੀ.ਆਈ. ਕਾਰਕੁੰਨ ਜਸਵੰਤ ਸਿੰਘ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਲਈ ਅਨੇਕਾਂ ਹੀ ਹੈਰਾਨੀਜਨਕ ਊਣਤਾਈਆਂ ਪਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਹਦਾਹਿਤਾਂ ਅਨੁਸਾਰ ਮਟੀਰੀਅਲ ਬੈਚ ਮਿਕਸ, ਸਹੀ ਮਸ਼ੀਨਰੀ ਦੀ ਵਰਤੋਂ ਤੇ ਸੜਕ ਦੀ ਕੁਟਾਈ ਦੌਰਾਨ ਪੂਰੇ ਮਾਪਦੰਡ ਪੂਰੇ ਨਾ ਹੋਣ ਤੋਂ ਇਲਾਵਾ ਪੁਰਾਣਾ ਮਟੀਰੀਅਲ ਜ਼ਿਆਦਾ ਵਰਤਿਆ ਹੋਣ ਕਰਕੇ ਲੁੱਕ ਦੀ ਮਾਤਰਾ ਘੱਟ ਪਾਈ ਗਈ ਹੈ | ਕਥਿਤ ਮਿਲੀਭੁਗਤ ਨਾਲ ਗੈਰ ਮਿਆਰੀ ਬਣੀ ਸੜਕ ਅਨੇਕਾਂ ਥਾਵਾਂ ਤੋਂ ਉਖੜਨੀ ਸ਼ੁਰੂ ਹੋ ਗਈ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਗਿਆ ਹੈ | ਸੜਕ ਨਿਰਮਾਣ ਦਾ ਕਾਰਜ ਇਕ ਸਾਰ ਨਹੀਂ ਕੀਤਾ ਗਿਆ ਤੇ ਸੜਕ ਉੱਚੀ-ਨੀਂਵੀ ਬਣੀ ਇੰਝ ਲੱਗ ਰਿਹਾ ਹੈ ਕਿ ਜਿਵੇਂ ਕਿਸੇ ਇੰਜੀਨੀਅਰ ਦੀ ਦੇਖ-ਰੇਖ ਤੋਂ ਬਗੈਰ ਬਣਾਈ ਗਈ ਹੋਵੇ | ਇਥੇ ਹੀ ਬੱਸ ਨਹੀਂ, ਲੰਬੀ ਦੇ ਨਜ਼ਦੀਕ ਕਿੱਲੋਮੀਟਰ ਦੇ ਲਗਭਗ ਸੜਕ ਅੱਧ ਵਿਚਕਾਰ ਹੀ ਛੱਡ ਦਿੱਤੀ ਗਈ ਹੈ | ਸੜਕ ਨੂੰ ਬੰਨ੍ਹੀ ਰੱਖਣ ਲਈ ਸੜਕ ਦੇ ਕਿਨਾਰਿਆਂ ਨਾਲ ਮਿੱਟੀ ਲਗਾਉਣ ਦਾ ਕਾਰਜ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਹੀ ਕੀਤਾ ਗਿਆ ਹੈ | ਜਸਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ | ਐੱਸ.ਡੀ.ਓ. ਸੰਦੀਪ ਬੱਬਰ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ੰਡਾਂ ਦੀ ਘਾਟ ਕਾਰਨ ਸੜਕ ਦਾ ਕੁਝ ਹਿੱਸਾ ਨਹੀਂ ਬਣਾਇਆ ਜਾ ਸਕਿਆ | ਉਨ੍ਹਾਂ ਸੜਕ ਤੋਂ ਬੱਜਰੀ ਉਖੜਨ ਬਾਰੇ ਮੰਨਿਆ ਕਿ ਦੋ ਕੁ ਥਾਵਾਂ 'ਤੇ ਸਮੱਸਿਆ ਜ਼ਰੂਰ ਆਈ ਹੈ |
ਪਿਛਲੀ ਖ਼ਬਰ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦੇ ਦੂਜੇ ਦਿਨ ਸੋਸ਼ਲ ਮੀਡੀਆ ਦੇ ਰੋਲ ਬਾਰੇ ਹੋਈ ਵਿਚਾਰ ਚਰਚਾ <br/> ਅਗਲੀ ਖ਼ਬਰ ਰਵਿੰਦਰ ਸਿੰਘ ਰਵੀ ਭਿੰਡਰ ਵਲੋਂ ਚੋਣਾਂ ਦੌਰਾਨ ਸਹਿਯੋਗ ਦੇਣ ਵਾਲੇ ਸਮਰਥਕਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।