08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਧਰਮ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਦਾ ਸੰਦੇਸ਼ ਦਿੰਦੇ ਹਨ-ਰੀਨਾ ਗੁਪਤਾ

ਅਜੀਤ ਡੈਸਕ 28-12-2025
ਪਟਿਆਲਾ, 27 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਪ੍ਰਦੂਸ਼ਣ ਫੈਲਾਉਣ ਵਾਲੀ ਸਮਗਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਤੇ ਲੋਕਾਂ ਨੂੰ ਜਾਗਰੂਕ ਕਰਨ ਹਿਤ ਫਤਹਿਗੜ੍ਹ ਸਾਹਿਬ 'ਚ ਜੋੜ ਮੇਲੇ ਸਮਾਗਮ ਦੌਰਾਨ ਘੁਲਣਸ਼ੀਲ ਤੇ ਇਕ ਵਾਰ ਵਰਤੋਂ ਯੋਗ ਸਮਗਰੀ ਵੰਡ ਕੇ ਇਕ ਨਵੇਕਲੀ ਪਹਿਲਕਦਮੀ ਕੀਤੀ ਹੈ | ਪੰਜਾਬ ਨੂੰ ਕੂੜਾ ਅਤੇ ਪਲਾਸਟਿਕ ਮੁਕਤ ਬਣਾਉਣ ਦੇ ਉਦੇਸ਼ ਨਾਲ ਕਰਵਾਏ ਤਿੰਨ ਦਿਨਾਂ ਪ੍ਰੋਗਰਾਮ 'ਚ ਪਲੇਟਾਂ, ਗਲਾਸ, ਕਟੋਰੇ ਤੇ ਚਮਚੇ ਆਦਿ ਸੱਤ ਲੱਖ ਪੈਕੇਟ ਵੰਡੇ ਜਾ ਰਹੇ ਹਨ | ਇਸ ਸੰਬੰਧੀ ਰੀਨਾ ਗੁਪਤਾ ਨੇ ਕਿਹਾ ਕਿ ਪੀ. ਪੀ. ਸੀ. ਬੀ. ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਕ ਬਹੁ-ਪੱਖੀ ਪਹੁੰਚ ਅਪਣਾ ਰਿਹਾ ਹੈ | ਵਾਤਾਵਰਨ ਅਨੁਕੂਲ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ, ਬੋਰਡ ਨੇ ਐਫ. ਐਮ. ਸੀ. ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ, ਜਿਨ੍ਹਾਂ ਦੇ ਪੈਕੇਟ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ | ਪੀ. ਪੀ. ਸੀ. ਬੀ. ਦੇ ਮੈਂਬਰ ਸਕੱਤਰ ਡਾ. ਲਵਨੀਤ ਕੁਮਾਰ ਦੂਬੇ ਜੋ ਇਸ ਸਮਾਗਮ 'ਚ ਮੌਜੂਦ ਸਨ, ਨੇ ਕਿਹਾ ਕਿ ਅਸੀਂ ਜਨਤਾ ਨੂੰ ਵਾਤਾਵਰਨ ਅਨੁਕੂਲ ਵਿਕਲਪ ਚੁਣਨ ਦੀ ਅਪੀਲ ਕਰਦੇ ਹਾਂ | ਭਾਰਤ 'ਚ ਧਾਰਮਿਕ ਪ੍ਰੋਗਰਾਮਾਂ ਦੌਰਾਨ ਕਈ ਤਰ੍ਹਾਂ ਦੇ ਸੁੱਟੇ ਗਏ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ, ਜਿਸ ਨਾਲ ਜ਼ਿਆਦਾਤਰ ਸਾਡੀਆਂ ਨਦੀਆਂ ਤੇ ਮਿੱਟੀ ਪ੍ਰਦੂਸ਼ਿਤ ਹੁੰਦੀ ਹੈ | ਵਾਤਾਵਰਨ ਸੁਰੱਖਿਆ ਸਿਰਫ ਇਕ ਪ੍ਰਸ਼ਾਸਕੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸਾਡਾ ਸਮਾਜਿਕ ਤੇ ਨੈਤਿਕ ਫ਼ਰਜ਼ ਵੀ ਹੈ | ਉਨ੍ਹਾਂ ਕਿਹਾ ਕਿ ਸਾਡੀ ਟੀਮ ਇਸ ਨੇਕ ਪਹਿਲਕਦਮੀ ਦੀ ਅਗਵਾਈ ਕਰਨ ਲਈ ਗੁਰਦੁਆਰਾ ਪ੍ਰਸ਼ਾਸਨ ਦੀ ਸ਼ਲਾਘਾ ਕਰਦੀ ਹੈ ਤੇ ਉਮੀਦ ਕਰਦੀ ਹੈ ਕਿ ਭਾਰਤ ਭਰ ਦੇ ਹੋਰ ਲੋਕ ਵੀ ਇਸ ਦੀ ਪਾਲਣਾ ਕਰਨਗੇ | ਉਦਘਾਟਨੀ ਸਮਾਰੋਹ 'ਚ ਬੋਲਦਿਆਂ ਬੋਰਡ ਦੇ ਚੇਅਰਪਰਸਨ ਨੇ ਸਫ਼ਾਈ ਦੇ ਨਾਲ-ਨਾਲ ਵਾਤਾਵਰਨ ਤੇ ਮਨੁੱਖੀ ਸਿਹਤ ਦੀ ਰੱਖਿਆ ਲਈ ਧਾਰਮਿਕ ਪ੍ਰੋਗਰਾਮਾਂ 'ਚ ਵਾਤਾਵਰਨ ਅਨੁਕੂਲ ਵਿਕਲਪਾਂ ਦੀ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਰੀਨਾ ਗੁਪਤਾ ਨੇ ਇਸ ਮਹਾਨ ਪਹਿਲਕਦਮੀ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੋਨਾ ਥਿੰਦ, ਹੋਰ ਜ਼ਿਲ੍ਹਾ ਅਧਿਕਾਰੀਆਂ, ਖੰਨਾ ਤੇ ਮੰਡੀ ਗੋਬਿੰਦਗੜ੍ਹ ਦੀਆਂ ਉਦਯੋਗਿਕ ਇਕਾਈਆਂ ਅਤੇ ਫਤਹਿਗੜ੍ਹ ਸਾਹਿਬ ਦੇ ਖੇਤਰੀ ਦਫ਼ਤਰ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਰਵਿਦਾਸ ਸਾਹਿਬ ਮਲਕਾਨਾ ਪੱਤੀ ਸਮਾਣਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਦੌਰਾਨ 725 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।