30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਤੋਂ ਸੰਗਤਾਂ ਦਾ ਜਥਾ ਧਾਰਮਿਕ ਯਾਤਰਾ ਲਈ ਦਿੱਲੀ ਲਈ ਰਵਾਨਾ <br/>

ਅਜੀਤ ਡੈਸਕ 06-11-2025
ਪਟਿਆਲਾ, 5 ਨਵੰਬਰ (ਅ.ਸ. ਆਹਲੂਵਾਲੀਆ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਚੱਲ ਰਹੇ ਧਾਰਮਿਕ ਸਮਾਗਮਾਂ ਤਹਿਤ ਅੱਜ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਲਈ ਸੰਗਤਾਂ ਦਾ ਜਥਾ ਅੱਜ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਤੋਂ ਰਵਾਨਾ ਕੀਤਾ ਗਿਆ | ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵਲੋਂ ਕੀਤੀ ਅਰਦਾਸ ਉਪਰੰਤ ਸੰਗਤਾਂ ਨੇ ਬੱਸਾਂ ਰਾਹੀਂ ਦਿੱਲੀ ਵੱਲ ਨੂੰ ਚਾਲੇ ਪਾਏ | ਧਾਰਮਿਕ ਯਾਤਰਾ ਰਾਹੀਂ ਦਿੱਲੀ ਜਾਣ ਵਾਲੀਆਂ ਸੰਗਤਾਂ ਵਿਚ ਗੁਰੂ ਘਰ ਦੇ ਦਰਸ਼ਨਾਂ ਲਈ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਜਿੱਥੇ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਇੱਥੋਂ ਰਵਾਨਗੀ ਪਾਈ | ਇਸ ਮੌਕੇ ਮੈਨੇਜਰ ਭਾਗ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਦੇ ਮੈਂਬਰ ਵੀ ਮੌਜੂਦ ਸਨ | ਗੱਲਬਾਤ ਕਰਦਿਆਂ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਸੀ, ਜਿੱਥੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸੀਸ ਗੰਜ ਸਾਹਿਬ ਮੌਜੂਦ ਹੈ | ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਉਹ ਆਪਣਾ ਧਰਮ ਤਬਦੀਲ ਕਰ ਲੈਣ, ਪ੍ਰੰਤੂ ਆਪਣੇ ਧਰਮ ਅਤੇ ਅਕੀਦੇ ਪ੍ਰਤੀ ਸਮਰਪਿਤ ਰਹਿਣ ਵਾਲਿਆਂ ਨੂੰ ਅੱਜ ਸਮੁੱਚੀ ਲੋਕਾਈ ਦੇ ਲੋਕ ਯਾਦ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸਮੇਂ ਸਮੇਂ 'ਤੇ ਧਾਰਮਿਕ ਸਮਾਗਮ ਲੜੀਵਾਰ ਕਰਵਾਏ ਜਾ ਰਹੇ ਹਨ, ਉੱਥੇ ਹੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਚਰਨਛੋਹ ਅਸਥਾਨਾਂ ਦੇ ਦਰਸ਼ਨ ਵੀ ਕਰਵਾਏ ਜਾ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ, ਸੁਪਰਵਾਈਜ਼ਰ ਵਰਿੰਦਰ ਸਿੰਘ ਗੋਲਡੀ, ਸਰਬਜੀਤ ਸਿੰਘ, ਸੁਖਦੇਵ ਸਿੰਘ ਕਾਹਲਵਾਂ, ਗਗਨਦੀਪ ਸਿੰਘ ਪੂਨੀਆ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੋਬਿੰਦਰ ਸਿੰਘ ਸੋਹਲ ਚਿਤਰਕਾਰ ਨਹੀਂ ਰਹੇ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ ਲਗਾਇਆ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।