ਪਟਿਆਲਾ ਨਿਗਮ ਚੋਣਾਂ ਲਈ ਹੁਕਮਰਾਨ ਧਿਰ ਤੇ ਵਿਰੋਧੀ ਧਿਰਾਂ ਨੇ ਮੁੱਢਲੀ ਚਾਰਾਜੋਈ ਕੀਤੀ ਸ਼ੁਰੂ
ਪਟਿਆਲਾ, 29 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਲੰਘੇ ਦਿਨੀਂ ਨਗਰ ਨਿਗਮ ਪਟਿਆਲਾ ਵਿਚਲੇ 28 ਵਾਰਡਾਂ ਦੀਆਂ ਚੋਣਾਂ ਸੰਬੰਧੀ ਸਥਾਨਕ ਸਰਕਾਰ ਵਿਭਾਗ ਦੀ ਤਿਆਰੀ ਦੀ ਲਿਖਤੀ ਚਿੱਠੀ ਸੰਬੰਧਿਤ ਵਿਭਾਗਾਂ ਕੋਲ ਪਹੁੰਚੀ, ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਤੋਂ ਟਿਕਟ ਲੈ ਕੇ ਚੋਣ ਮੈਦਾਨ ’ਚ ਨਿੱਤਰਨ ਵਾਲੇ ਉਮੀਦਵਾਰਾਂ ਦੀ ਸਰਗਰਮੀ ਨੇ ਮਾਹੌਲ ਭਖਾਇਆ ਹੈ। ਹੁਕਮਰਾਨ ਧਿਰ ਤਕਰੀਬਨ ਉਨ੍ਹਾਂ ਉਮੀਦਵਾਰਾਂ ’ਤੇ ਦਾਅ ਖੇਡਣ ਦਾ ਮਨ ਬਣਾ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ ਵੀ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ।
ਪਟਿਆਲਾ, 29 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਲੰਘੇ ਦਿਨੀਂ ਨਗਰ ਨਿਗਮ ਪਟਿਆਲਾ ਵਿਚਲੇ 28 ਵਾਰਡਾਂ ਦੀਆਂ ਚੋਣਾਂ ਸੰਬੰਧੀ ਸਥਾਨਕ ਸਰਕਾਰ ਵਿਭਾਗ ਦੀ ਤਿਆਰੀ ਦੀ ਲਿਖਤੀ ਚਿੱਠੀ ਸੰਬੰਧਿਤ ਵਿਭਾਗਾਂ ਕੋਲ ਪਹੁੰਚੀ, ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਤੋਂ ਟਿਕਟ ਲੈ ਕੇ ਚੋਣ ਮੈਦਾਨ ’ਚ ਨਿੱਤਰਨ ਵਾਲੇ ਉਮੀਦਵਾਰਾਂ ਦੀ ਸਰਗਰਮੀ ਨੇ ਮਾਹੌਲ ਭਖਾਇਆ ਹੈ। ਹੁਕਮਰਾਨ ਧਿਰ ਤਕਰੀਬਨ ਉਨ੍ਹਾਂ ਉਮੀਦਵਾਰਾਂ ’ਤੇ ਦਾਅ ਖੇਡਣ ਦਾ ਮਨ ਬਣਾ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ ਵੀ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ। ਭਾਵੇਂ ਹੁਕਮਰਾਨ ਧਿਰ ਹੋਵੇ ਚਾਹੇ ਹੋਣ ਵਿਰੋਧੀ ਧਿਰਾਂ ਹਰ ਇਕ ਲਈ ਇਹ ਚੋਣ ਵੱਕਾਰ ਦਾ ਸਵਾਲ ਬਣ ਕੇ ਉੱਭਰੇਗੀ। ਜਿਸ ਨੂੰ ਭਾਂਪਦਿਆਂ ਹਰ ਪਾਰਟੀ ਬੜੀ ਹੀ ਸੋਚੀ ਸਮਝੀ ਰਣਨੀਤੀ ਤਹਿਤ ਉਮੀਦਵਾਰਾਂ ਦੀ ਚੋਣ ਵਿਚ ਰੁੱਝ ਗਈ ਹੈ। ਗੱਲ ਕਰਨ ’ਤੇ ਅਕਾਲੀ ਆਗੂ ਅਮਰਿੰਦਰ ਸਿੰਘ ਬਜਾਜ, ਜਸਪਾਲ ਸਿੰਘ ਬਿੱਟੂ ਚੱਠਾ ਜੋ ਕ੍ਰਮਵਾਰ ਪਟਿਆਲਾ ਸ਼ਹਿਰੀ ਅਤੇ ਪਟਿਆਲਾ ਦਿਹਾਤੀ ਦੀ ਬਤੌਰ ਇੰਚਾਰਜ ਨੁਮਾਇੰਦਗੀ ਕਰ ਰਹੇ ਹਨ ਨੇ ਦੱਸਿਆ ਕਿ ਸਥਾਨਕ ਪੱਧਰ ’ਤੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀਆਂ ਲਿਸਟਾਂ ਬਣਾ ਲਈਆਂ ਗਈਆਂ ਹਨ। ਇਹ ਲਿਸਟਾਂ ਪਾਰਟੀ ਹਾਈਕਮਾਂਡ ਵਲੋਂ ਬਣਾਈ ਗਈ ਚੋਣ ਕਮੇਟੀ ਦੇ ਅੱਗੇ ਦੇ ਦਿੱਤੀਆਂ ਜਾਣਗੀਆਂ ਜਿਸ ਤੋਂ ਬਾਅਦ ਤਕਰੀਬਨ ਤਿੰਨ ਦਿਨਾਂ ਦੇ ਵਿਚ-ਵਿਚ ਕਿਹੜੇ ਕਿਹੜੇ ਉਮੀਦਵਾਰ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰੇ ਜਾਣਗੇ ਐਲਾਨ ਕਰ ਦਿੱਤਾ ਜਾਵੇਗਾ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੇਅਰ ਸੰਜੀਵ ਕੁਮਾਰ ਬਿੱਟੂ ਨੇ ਕਿਹਾ ਕਿ ਚੋਣਾਂ ਦਾ ਵਿਧੀਵਤ ਨੋਟੀਫ਼ਿਕੇਸ਼ਨ ਅਤੇ ਸ਼ਡਿਊਲ ਆਉਣ ਤੋਂ ਬਾਅਦ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰਾਂ ਵਲੋਂ ਪਾਰਟੀ ਹਾਈਕਮਾਨ ਨੇ ਲਿਖਤੀ ਤੌਰ ’ਤੇ ਅਰਜ਼ੀਆਂ ਮੰਗ ਲਈਆਂ ਹਨ ਜੋ ਆਉਂਦੇ ਦਿਨਾਂ ਵਿਚ ਪਾਰਟੀ ਹਾਈਕਮਾਂਡ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਪਾਰਟੀ ਕਿਸ ਨੂੰ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਹੈ ਇਹ ਜਲਦੀ ਸਾਹਮਣੇ ਆ ਜਾਵੇਗਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੂਕਾ ਮੁਤਾਬਿਕ ਪਾਰਟੀ ਉਮੀਦਵਾਰਾਂ ਦੀ ਇਕ ਪੈਨਲ ਬਣਾ ਕੇ ਪਾਰਟੀ ਹਾਈਕਮਾਂਡ ਨੂੰ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ। ਪਾਰਟੀ ਹਾਈਕਮਾਂਡ ਵੀ ਨਾਲ ਦੀ ਨਾਲ ਹੀ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਜਿੱਥੇ ਆਮ ਆਦਮੀ ਪਾਰਟੀ ਆਪਣੇ ਕੀਤੇ ਕੰਮਾਂ ਕਾਰਨ ਪੂਰੇ ਵਿਸ਼ਵਾਸ ਨਾਲ ਲੋਕਾਂ ’ਚ ਜਾਣ ਦੀ ਤਿਆਰੀ ਕਰ ਰਹੀ ਹੈ ਉੱਥੇ ਵਿਰੋਧੀ ਧਿਰਾਂ ਵੀ ਕਈ ਮੁੱਦਿਆਂ ਨੂੰ ਲੈ ਕੇ ਹੁਕਮਰਾਨ ਧਿਰ ਨੂੰ ਇਨ੍ਹਾਂ ਚੋਣਾਂ ’ਚ ਹੀ ਘੇਰਨ ਨੂੰ ਤਿਆਰ ਬੈਠੀਆਂ ਹਨ।