ਪਟਿਆਲਾ, 19 ਜੁਲਾਈ (ਧਰਮਿੰਦਰ ਸਿੰਘ ਸਿੱਧੂ)-17 ਜੁਲਾਈ 2025 ਨੂੰ ਪੰਜਾਬ ਭਰ ਦੇ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ ਦੇ ਸੱਦੇ 'ਤੇ ਕਾਲੇ ਦਿਵਸ ਵਜੋਂ ਪੰਜਾਬ ਭਰ ਦੇ ਸਾਰੇ ਜ਼ਿਲਿ੍ਹਆਂ ਤੇ ਬਲਾਕਾਂ, ਦਫ਼ਤਰਾਂ, ਸਕੂਲਾਂ, ਡਿਊਟੀ ਵਾਲੇ ਸਥਾਨਾਂ 'ਤੇ ਡਿਊਟੀ ਕਰਦਿਆਂ ਕਾਲੇ ਬਿੱਲੇ, ਕਾਲੇ ਰਿਬਨ ਬੰਨ੍ਹ ਕੇ ਕਾਲਾ ਦਿਵਸ ਮਨਾਇਆ ਗਿਆ ਤੇ ਅਧੂਰੇ ਪੇਅ ਸਕੇਲ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ | ਕਾਲਾ ਦਿਵਸ ਵਜੋਂ ਮਨਾਉਣ 'ਤੇ ਫ਼ਰੰਟ ਆਗੂਆਂ ਨੇ ਦਸਿਆ ਕਿ ਪਿਛਲੀ ਸਰਕਾਰ ਵਲੋਂ ਇਹ ਮਾਰੂ ਨੋਟੀਫ਼ਿਕੇਸ਼ਨ 17 ਜੁਲਾਈ 2020 ਨੂੰ ਲਾਗੂ ਕੀਤਾ ਗਿਆ ਤੇ ਉਸ ਸਮੇਂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਮਾਰੂ ਨੋਟੀਫ਼ਿਕੇਸ਼ਨ ਦਾ ਵਿਰੋਧ ਵੀ ਕੀਤਾ ਗਿਆ ਸੀ | ਇਸ ਤੋਂ ਇਲਾਵਾ ਸੱਤਾ ਵਿਚ ਆਉਣ 'ਤੇ ਸਭ ਤੋਂ ਪਹਿਲਾਂ ਪੰਜਾਬ ਪੇਅ ਸਕੇਲ ਬਹਾਲ ਕਰਨ ਤੇ ਪਰਖਕਾਲ ਦਾ ਸਮਾਂ ਘੱਟ ਕਰਨ ਦੀ ਗਰੰਟੀ ਵੀ ਦਿੱਤੀ ਗਈ ਸੀ ਜੋ ਕਿ 3 ਸਾਲ ਪੂਰੇ ਹੋਣ ਤੱਕ ਵੀ ਪੂਰੀ ਨਹੀਂ ਕੀਤੀ ਗਈ | ਇਸ ਮੌਕੇ ਸੂਬਾ ਕਮੇਟੀ ਨੇ ਸਰਕਾਰ 'ਤੇ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਹੁਣ ਤੱਕ ਵੱਖ-ਵੱਖ ਵਿਭਾਗਾਂ ਵਿਚ ਮੁਲਾਜ਼ਮਾਂ ਦੇ ਹੱਕ ਵਿਚ ਆਏ ਫ਼ੈਸਲਿਆਂ ਨੂੰ ਵੀ ਸਭ 'ਤੇ ਲਾਗੂ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਨੇ ਏਨੀਆਂ ਘੱਟ ਤਨਖ਼ਾਹਾਂ 'ਤੇ ਕੰਮ ਕਰਨ ਲਈ ਸਾਨੂੰ ਮਜਬੂਰ ਕੀਤਾ ਹੋਇਆ ਹੈ, ਜਿਸ ਕਰਕੇ ਸਾਡੇ ਲਈ ਮਾਨਸਿਕ ਪ੍ਰੇਸ਼ਾਨੀ ਤੇ ਹੋਰ ਪਰਿਵਾਰਕ ਜ਼ਰੂਰਤਾਂ ਪੂਰੀਆਂ ਕਰਨੀਆਂ ਮੁਸ਼ਕਿਲ ਹੋਈਆਂ ਪਈਆਂ ਹਨ | ਇਸ ਮੌਕੇ ਸ਼ਹੀਦ ਭਗਤ ਸਿੰਘ ਨਰਸਿੰਗ ਯੂਨੀਅਨ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਪ੍ਰਧਾਨ ਆਰਤੀ ਬਾਲੀ, ਵਾਈਸ ਪ੍ਰਧਾਨ ਹਨੀਫ਼ ਖਾਨ, ਜਨਰਲ ਸਕੱਤਰ ਕਰਮਦੀਪ ਕੌਰ ਖੇੜਾ, ਜੁਆਇੰਟ ਸਕੱਤਰ ਕਿਰਨਦੀਪ ਕੌਰ ਅਤੇ ਸੁਨੀਲ ਕਮਾਵਤ, ਮੁੱਖ ਸਲਾਹਕਾਰ ਵਿਜੈ ਨਿੰਬੀਵਾਲਾ ਅਤੇ ਵਿਜੈ ਸਿੰਘ, ਖ਼ਜ਼ਾਨਚੀ ਨਵਨੀਤ ਕੌਰ, ਜੁਆਇੰਟ ਖ਼ਜ਼ਾਨਚੀ ਸੰਦੀਪ ਕੌਰ ਸਿੱਧੂ, ਪੈੱ੍ਰਸ ਸਕੱਤਰ ਸੁਖਵਿੰਦਰ ਕੌਰ, ਮੀਡੀਆ ਇੰਚਾਰਜ ਰੋਹਿਤ, ਸੈਕਟਰੀ ਅੰਕੁਰ ਮਲੇਠੀਆ, ਹਰਜਿੰਦਰ ਸਿੰਘ ਆਦਿ ਵੀ ਮੌਜੂਦ ਸਨ |