ਪਟਿਆਲਾ, 18 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬੇ ਅੰਦਰ ਆਉਂਦੀਆਂ ਵਿਧਾਨ ਸਭਾਈ ਚੋਣਾਂ ਭਾਜਪਾ ਇਕੱਲਿਆਂ ਹੀ ਲੜੇਗੀ ਅਤੇ ਡਬਲ ਇੰਜਣ ਦੀ ਸਰਕਾਰ ਬਣਾਵੇਗੀ, ਜਿਸ ਤੋਂ ਬਾਅਦ ਸੂਬੇ ਦੇ ਬਹੁਪੱਖੀ ਵਿਕਾਸ ਵਾਲੀ ਰੇਲ ਪਟੜੀ 'ਤੇ ਭੱਜੇਗੀ | ਇਹ ਗੱਲ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਹੀ | ਉਨ੍ਹਾਂ ਕਿਹਾ ਕਿ ਅੱਜ ਸੂਬੇ ਅੰਦਰ ਦਿੱਲੀ ਤੋਂ ਹਾਰੇ ਹੋਏ ਲੋਕ ਆ ਕੇ ਪ੍ਰਸ਼ਾਸਨਿਕ ਆਦੇਸ਼ ਦੇਣ ਵਿਚ ਲੱਗੇ ਹੋਏ ਹਨ ਜੋ ਸਾਬਤ ਕਰ ਰਿਹਾ ਹੈ ਕਿ ਸੂਬੇ ਦੀ ਵਾਗਡੋਰ ਅਨਾੜੀ ਮੁੱਖ ਮੰਤਰੀ ਦੇ ਹੱਥ ਵਿਚ ਚਲੀ ਗਈ ਹੈ | ਉਹ ਪਟਿਆਲਾ ਵਿਖੇ ਇਕ ਨਿੱਜੀ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸਨ | ਪੁੱਛੇ ਗਏ ਸਵਾਲ 'ਚ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਆ ਰਹੀਆਂ ਈ-ਮੇਲਾਂ ਦਾ ਜ਼ਰੀਆ ਹਾਲੇ ਤੱਕ ਨਾ ਲੱਭ ਪਾਉਣਾ ਵੀ ਸਰਕਾਰ ਦੀ ਨਾਲਾਇਕੀ ਹੀ ਕਹੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਲਿਆਂਦੇ ਬੇਅਦਬੀ ਬਿੱਲ 'ਤੇ 6 ਮਹੀਨੇ ਦੀ ਬਹਿਸ ਦਾ ਸਮਾਂ ਮੰਗਿਆ ਜਾਣਾ ਵੀ ਹਾਸੋਹੀਣੀ ਗੱਲ ਹੈ | ਰਵਨੀਤ ਸਿੰਘ ਬਿੱਟੂ ਨੇ ਸਪੱਸ਼ਟ ਕੀਤਾ ਕਿ ਨਸ਼ੇ ਦੇ ਮਾਮਲੇ 'ਚ ਉਹ ਕੋਈ ਸਿਆਸਤ ਨਹੀਂ ਕਰਨਗੇ ਕਿਉਂਕਿ ਇਸ ਮੌਕੇ ਸਰਕਾਰ ਨਸ਼ੇ ਨੂੰ ਰੋਕਣ ਲਈ ਜੋ ਕਰ ਰਹੀ ਹੈ, ਉਸ ਨੂੰ ਠਰੰ੍ਹਮੇ ਨਾਲ ਦੇਖਣਾ ਚਾਹੀਦਾ ਹੈ | ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸੰਬੰਧ 'ਚ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਕੇਸ 'ਚ ਅੰਦਰ ਕਰ ਕੇ ਬਚਾਅ ਕੀਤਾ ਗਿਆ ਹੈ, ਕਿਉਂਕਿ ਪਹਿਲਾਂ ਉਨ੍ਹਾਂ ਉਪਰ ਚਲਦੇ ਡਰੱਗਜ਼ ਮਾਮਲੇ 'ਚ ਕੁਝ ਦਿਨ ਜੇਲ੍ਹ ਅੰਦਰ ਰੱਖਣ ਤੋਂ ਬਾਅਦ ਬਾਹਰ ਕੱਢ ਦਿੱਤਾ ਗਿਆ ਸੀ | ਲੈਂਡ ਪੂਿਲੰਗ ਨੀਤੀ ਸੰਬੰਧੀ ਉਨ੍ਹਾਂ ਕਿਹਾ ਕਿ 'ਆਪ' ਆਗੂ ਸਤਿੰਦਰ ਜੈਨ ਅਤੇ ਉਸ ਦੇ ਸਾਥੀਆਂ ਨੂੰ ਫ਼ਾਇਦਾ ਪਹੁੰਚਾਉਣ ਵਾਲਾ ਬਿਲ ਹੈ, ਜਿਸ ਦਾ ਭਾਜਪਾ ਡਟ ਕੇ ਵਿਰੋਧ ਕਰੇਗੀ |