ਪਾਤੜਾਂ, 18 ਜਲਾਈ (ਜਗਦੀਸ਼ ਸਿੰਘ ਕੰਬੋਜ਼)-ਹਲਕਾ ਸ਼ੁਤਰਾਣਾ ਦੀਆਂ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਮੇਂ-ਸਿਰ ਸਫ਼ਾਈ ਨਹੀ ਕੀਤੀ ਗਈ ਜਿਸ ਕਰਕੇ ਕਈ ਪਿੰਡਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਮਰ ਗਈਆਂ ਹਨ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਮਰਨ ਦਾ ਡਰ ਸਤਾ ਰਿਹਾ ਹੈ | ਉਕਤ ਪ੍ਰਗਟਾਵਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਬਾਦਸ਼ਾਹਪੁਰ ਦੇ ਆਲੇ-ਦੁਆਲੇ ਦੇ ਇਲਾਕੇ ਵਿਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਵਾਂ ਪਿੰਡ ਕਲਵਾਣੂ ਅਤੇ ਹੋਰ ਇਲਾਕੇ ਦੀ ਝੋਨੇ ਦੀ ਫ਼ਸਲ ਡੁੱਬ ਗਈ ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਇਹ ਨੁਕਸਾਨ ਬਰਸਾਤੀ ਨਾਲਿਆਂ ਅਤੇ ਡਰੇਨਾਂ ਦੀ ਸਮੇਂ-ਸਿਰ ਸਫ਼ਾਈ ਨਾ ਹੋਣ ਕਾਰਨ ਹੋਇਆ ਹੈ | ਹਰਿਆਊ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਨਵਾਂ ਪਿੰਡ ਕਲਵਾਣੂ ਕੋਲੋਂ ਬਰਸਾਤ ਦੇ ਪਾਣੀ ਦੀ ਲੰਘਦੀ ਸਰਕਾਰੀ ਖਾਂਟ (ਡਰੇਨ) 'ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਜਿਸ ਕਾਰਨ ਬਰਸਾਤ ਦੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਫ਼ਸਲਾਂ ਡੁੱਬ ਜਾਂਦੀਆਂ ਹਨ ਜਦਕਿ ਪਿੰਡ ਧੂੜੀਆਂ ਵਲੋਂ ਸਰਕਾਰੀ ਖਾਂਟ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਖੁਦਾਈ ਕੀਤੀ ਜਾ ਚੁੱਕੀ ਹੈ ਪਰ ਨਵਾਂ ਪਿੰਡ ਕਲਵਾਣੂ ਦੇ ਇਲਾਕੇ 'ਚ ਸਰਕਾਰੀ ਖਾਂਟ (ਡਰੇਨ) 'ਤੇ ਲੋਕਾਂ ਦੇ ਨਾਜਾਇਜ਼ ਕਬਜ਼ੇ ਬਰਕਰਾਰ ਹਨ | ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਫ਼ਸਲਾਂ ਡੁੱਬ ਜਾਂਦੀਆਂ ਹਨ | ਕਿਸਾਨਾਂ ਨੇ ਦੱਸਿਆ ਕਿ ਜਿੱਥੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਉੱਥੇ ਮੱਕੀ ਦੀ ਫ਼ਸਲ ਵਿਚ ਪਾਣੀ ਖੜ ਗਿਆ ਹੈ | ਨਵਾਂ ਪਿੰਡ ਕਲਵਾਣੂ ਦੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਵਾਂ ਪਿੰਡ ਕਲਵਾਣੂ ਕੋਲੋਂ ਡਰੇਨ ਨੂੰ ਚਾਲੂ ਕੀਤਾ ਜਾਵੇ ਅਤੇ ਸੜਕ ਹੇਠ ਪੁਲੀਆਂ ਪਾਈਆਂ ਜਾਣ ਤਾਂ ਜੋ ਪਾਣੀ ਦਾ ਕੁਦਰਤੀ ਵਹਾਅ ਚੱਲ ਸਕੇ ਤੇ ਹਰ ਸਾਲ ਮੀਂਹ ਦੇ ਪਾਣੀ ਨਾਲ ਡੁੱਬਦੀਆਂ ਫ਼ਸਲਾਂ ਬਚ ਸਕਣ | ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਕਿਹਾ ਝੰਬੋ ਡਰੇਨ ਅਤੇ ਹੋਰ ਘੱਗਰ ਦਰਿਆ ਦੇ ਪਾਣੀ ਦੇ ਵਹਾਅ ਵਿਚ ਆਉਣ ਵਾਲੀਆਂ ਰੁਕਾਵਟਾਂ ਹਟਾਈਆਂ ਗਈਆਂ ਹਨ ਅਤੇ ਸਫ਼ਾਈ ਕਰਵਾਈ ਗਈ ਹੈ ਇਸ ਤੋਂ ਇਲਾਵਾ ਇਨ੍ਹਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਵੀ ਕੀਤਾ ਗਿਆ ਹੈ ਅਤੇ ਨਵਾਂ ਪਿੰਡ ਕਲਵਾਣੂ ਤੋਂ ਡਰੇਨ ਖਾਲੀ ਕਰਵਾਉਣ ਦੀ ਕਾਰਵਾਈ ਚੱਲ ਰਹੀ ਹੈ ਤੇ ਜਲਦ ਡਰੇਨ ਨੂੰ ਮੁੜ ਚਾਲੂ ਕਰ ਦਿੱਤਾ ਜਾਵੇਗਾ | ਇਸ ਮੌਕੇ ਨਿਧਾਨ ਸਿੰਘ ਜੈਖਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਜੈਬ ਸਿੰਘ ਮੱਲ੍ਹੀ, ਗੁਰਬਚਨ ਸਿੰਘ ਮੌਲਵੀਵਾਲਾ, ਲਖਵਿੰਦਰ ਸਿੰਘ ਮੌਲਵੀਵਾਲਾ, ਤੇਜਵੀਰ ਸਿੰਘ ਖਾਂਗ, ਦਵਿੰਦਰ ਸਿੰਘ ਗੋਗੀ ਆਦਿ ਮੌਜੂਦ ਸਨ |