ਸਨੌਰ, 16 ਜੁਲਾਈ (ਮੋਹਣ ਸਿੰਘ ਭੱਟੀ)-ਸਨੌਰ ਇਲਾਕੇ ਦੀ ਜੋੜੀਆਂ ਸੜਕ 'ਤੇ ਇਕ ਨੌਜਵਾਨ ਦੀ ਕੀਤੀ ਗਈ ਬੇਰਹਿਮੀ ਵਾਲੀ ਕੁੱਟਮਾਰ ਸਬੰਧੀ ਥਾਣਾ ਸਨੌਰ ਦੀ ਪੁਲਿਸ ਨੇ ਮੁੱਢਲੀ ਜਾਂਚ ਉਪਰੰਤ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰ ਲਿਆ ਹੈ | ਸ਼ਿਕਾਇਤਕਰਤਾ ਬਿ੍ਜ ਲਾਲ ਵਾਸੀ ਸ਼ੇਖਪੁਰਾ, ਥਾਣਾ ਜੁਲਕਾ ਨੇ ਆਪਣੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ 14 ਜੁਲਾਈ ਨੂੰ ਸ਼ਾਮ 6 ਵਜੇ ਦੇ ਕਰੀਬ ਉਹ ਸਨੌਰ ਨਜ਼ਦੀਕ ਜੌੜੀਆਂ ਸੜਕ ਇਲਾਕਾ ਥਾਣਾ ਸਨੌਰ ਵਿਖੇ ਪਹੁੰਚਿਆ ਜਿਥੇ ਉਸ ਨੇ ਦੇਖਿਆ ਕਿ ਕੁਝ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਕਰਹਾਲੀ ਨੂੰ ਬੇਰਹਿਮੀ ਨਾਲ ਮਾਰ ਰਹੇ ਸਨ | ਜਦੋਂ ਉਹ ਮੌਕੇ 'ਤੇ ਹਾਲਾਤ ਸੰਭਾਲਣ ਤੇ ਵਿਅਕਤੀ ਨੂੰ ਛੁਡਾਉਣ ਲਈ ਅੱਗੇ ਵਧਿਆ ਤਾਂ ਦੋਸ਼ੀਆਂ ਨੇ ਉਸ ਦੀ ਵੀ ਕੁੱਟਮਾਰ ਕਰ ਦਿੱਤੀ ਅਤੇ ਉਸ ਨੰੂ ਜਾਨੋਂ ਮਾਰਨ ਦੀਆਂ ਖੁੱਲ੍ਹੀਆਂ ਧਮਕੀਆਂ ਵੀ ਦਿੱਤੀਆਂ | ਉਕਤ ਘਟਨਾ ਵਿਚ ਪੁਲਿਸ ਵਲੋਂ ਜਸਪ੍ਰੀਤ ਸਿੰਘ, ਕੁਲਦੀਪ ਸਿੰਘ ਦੋਵੇਂ ਵਾਸੀ ਜੰਨਸੂਆ, ਥਾਣਾ ਸਦਰ ਰਾਜਪੁਰਾ ਅਤੇ 12-13 ਹੋਰ ਨਾ-ਮਾਲੂਮ ਵਿਅਕਤੀ ਦੋਸ਼ੀ ਨਾਮਜ਼ਦ ਕੀਤੇ ਗਏ ਹਨ, ਖਿਲਾਫ ਸਨੌਰ ਪੁਲਿਸ ਨੇ ਉਕਤ ਬਿਆਨਾਂ 'ਤੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ | ਥਾਣਾ ਸਨੌਰ ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਦੀ ਪਹਿਚਾਣ ਅਤੇ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ, ਕਿਸੇ ਨੂੰ ਵੀ ਇਸ ਤਰਾਂ ਅਮਨ ਕਾਨੰੂਨ ਦੀ ਸਥਿਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਇਲਾਕਾ ਵਾਸੀਆਂ ਵਲੋਂ ਵੀ ਸ਼ਰੇਆਮ ਗੁੰਡਾਗਰਦੀ ਕਰਦੇ ਹਮਲਾਵਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ |