01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪੰਜਾਬੀ 'ਵਰਸਿਟੀ ਅਤੇ ਕੈਨੇਡਾ ਦੇ ਅਦਾਰੇ 'ਪੰਜਾਬ ਭਵਨ' ਵਲੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਉਲੀਕੇ ਜਾਣਗੇ ਸਾਂਝੇ ਪ੍ਰਾਜੈਕਟ

ਅਜੀਤ ਡੈਸਕ 17-07-2025
ਪਟਿਆਲਾ, 16 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਕੈਨੇਡਾ ਦੇ ਸਰ੍ਹੀ ਨਾਲ ਸੰਬੰਧਿਤ ਅਦਾਰੇ 'ਪੰਜਾਬ ਭਵਨ' ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ | ਇਸ ਮੁਲਾਕਾਤ ਦੌਰਾਨ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਹਵਾਲੇ ਨਾਲ ਦੋਹੇਂ ਅਦਾਰਿਆਂ ਦੀ ਆਪਸੀ ਸਾਂਝ ਦੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਇਸ ਪੱਖੋਂ ਵੱਖ-ਵੱਖ ਗਤੀਵਿਧੀਆਂ ਉਲੀਕੇ ਜਾਣ ਹਿਤ ਵਿਚਾਰ-ਚਰਚਾ ਹੋਈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਅਦਾਰਾ 'ਪੰਜਾਬ ਭਵਨ' ਵਲੋਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿਤ ਕੀਤਾ ਜਾ ਰਿਹਾ ਵਡਮੁੱਲਾ ਕਾਰਜ ਪੰਜਾਬੀ ਯੂਨੀਵਰਸਿਟੀ ਦੇ ਮੂਲ ਮੰਤਵ ਨਾਲ ਮੇਲ ਖਾਂਦਾ ਹੈ | ਇਸ ਲਈ ਦੋਹੇਂ ਅਦਾਰਿਆਂ ਦੀ ਸਾਂਝੇਦਾਰੀ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ | ਇਸ ਮਕਸਦ ਲਈ ਅਦਾਰਾ 'ਕਲਾ ਭਵਨ' ਵਲੋਂ ਕੁਝ ਪ੍ਰਾਜੈਕਟਾਂ ਦੀ ਪੇਸ਼ਕਸ਼ ਕੀਤੇ ਜਾਣ ਉੱਤੇ ਡਾ. ਜਗਦੀਪ ਸਿੰਘ ਨੇ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਇਸ ਅਦਾਰੇ ਵਲੋਂ ਪੰਜਾਬੀਅਤ ਦੇ ਪ੍ਰਚਾਰ ਪ੍ਰਸਾਰ ਨਾਲ ਜੁੜੇ ਕਾਰਜਾਂ ਵਿਚ ਜਿੱਥੇ ਕਿਤੇ ਵੀ ਸੰਭਵ ਹੋਵੇਗਾ ਤਾਂ ਪੰਜਾਬੀ ਯੂਨੀਵਰਸਿਟੀ ਵਲੋਂ ਵੀ ਯੋਗਦਾਨ ਪਾਇਆ ਜਾਵੇਗਾ | ਉਨ੍ਹਾਂ ਕਿਹਾ ਦੋਹੇਂ ਅਦਾਰਿਆਂ ਦਰਮਿਆਨ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਤਰਾਸ਼ਦਿਆਂ ਅਜਿਹੇ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਜਿੱਥੇ ਇਕੱਠਿਆਂ ਮਿਲ ਕੇ ਕੋਈ ਕਾਰਜ ਕੀਤੇ ਜਾ ਸਕਣ | ਆਰਟੀਫਿਸੀਅਲ ਇੰਟੈਲੀਜੈਂਸ (ਏ.ਆਈ.) ਸੰਬੰਧੀ ਅਹਿਮ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਉੱਤੇ ਧਿਆਨ ਦੇਣ ਦੀ ਲੋੜ ਹੈ ਕਿ ਏ.ਆਈ. ਦੇ ਖੇਤਰ ਵਿਚ ਪੈਦਾ ਹੋ ਰਿਹਾ ਨਵਾਂ ਗਿਆਨ, ਤਕਨੀਕਾਂ, ਟੂਲਜ ਆਦਿ ਤੱਕ ਸਾਡੀ ਸਥਾਨਕ ਪੰਜਾਬੀ ਭਾਸਾ ਰਾਹੀਂ ਪਹੁੰਚ ਸੰਭਵ ਹੋਵੇ | ਵਕਤ ਦੀ ਇਸ ਜਰੂਰਤ ਨਾਲ ਬਰ ਮੇਚ ਕੇ ਚੱਲਣ ਦੀ ਲੋੜ ਹੈ | ਸਮਾਜ ਸੇਵੀ ਸੁੱਖੀ ਬਾਠ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਅਤੇ ਇਸ ਵਲੋਂ ਕੀਤੇ ਜਾ ਰਹੇ ਕਾਰਜਾਂ ਉੱਤੇ ਬਹੁਤ ਮਾਣ ਹੈ | ਇਸੇ ਲਈ ਉਨ੍ਹਾਂ ਦੀ ਇੱਛਾ ਰਹਿੰਦੀ ਹੈ ਕਿ ਉਹ ਯੂਨੀਵਰਸਿਟੀ ਨਾਲ ਜੁੜ ਕੇ ਵੀ ਕਾਰਜ ਕਰਨ | ਉਨ੍ਹਾਂ ਇਸ ਮੌਕੇ ਜਿੱਥੇ ਆਪਣੇ ਅਤੇ ਆਪਣੇ ਅਦਾਰੇ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਉੱਥੇ ਹੀ ਪੰਜਾਬੀ ਯੂਨੀਵਰਸਿਟੀ ਨਾਲ ਸਾਂਝੇ ਤੌਰ 'ਤੇ ਉਲੀਕੇ ਜਾ ਸਕਣ ਵਾਲੇ ਪ੍ਰਾਜੈਕਟਾਂ ਬਾਰੇ ਕੁਝ ਤਜਵੀਜਾਂ ਵੀ ਪੇਸ਼ ਕੀਤੀਆਂ | ਇਨ੍ਹਾਂ ਤਜਵੀਜਾਂ ਵਿਚ ਕੈਨੇਡਾ ਵਿਚਲੇ ਵਿਦਿਆਰਥੀਆਂ ਨੂੰ ਆਨਲਾਈਨ ਵਿਧੀ ਰਾਹੀਂ ਗੁਰਮਤਿ ਗਿਆਨ ਮੁਹੱਈਆ ਕਰਵਾਉਣਾ ਅਤੇ ਕੈਨੇਡਾ ਵਿਚ ਵਿਦਿਆਰਥੀਆਂ ਨਾਲ ਸਬੰਧਤ ਅਕਾਦਮਿਕ ਪ੍ਰੋਗਰਾਮ ਦਾ ਆਯੋਜਨ ਕਰਨਾ ਸ਼ਾਮਿਲ ਸੀ | ਇਸ ਮੌਕੇ ਡਾਇਰੈਕਟਰ ਕਾਂਸਟੀਚੁਐਂਟ ਕਾਲਜ ਡਾ. ਜਸਵਿੰਦਰ ਸਿੰਘ ਬਰਾੜ ਅਤੇ ਯੂਨੀਵਰਸਿਟੀ ਕਾਲਜ ਘਨੌਰ ਦੇ ਪਿ੍ੰਸੀਪਲ ਡਾ. ਲਖਵੀਰ ਸਿੰਘ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ, ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਕਾਲਜ ਦੇ ਫੈਕਲਟੀ ਮੈਂਬਰ ਡਾ. ਜਸਵਿੰਦਰ ਕੌਰ ਅਤੇ ਹੋਰ ਹਾਜਰ ਰਹੇ |
ਪਿਛਲੀ ਖ਼ਬਰ ਕੋਤਵਾਲੀ ਪੁਲਿਸ ਨਾਭਾ ਨੇ 478 ਜ਼ਿੰਦਾ ਕਾਰਤੂਸ ਕੀਤੇ ਬਰਾਮਦ ਅਗਲੀ ਖ਼ਬਰ ਜੌੜੀਆਂ ਸੜਕ 'ਤੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਛੁਡਾਉਣ ਆਏ ਵਿਅਕਤੀ ਨੂੰ ਵੀ ਪਾਇਆ ਹੱਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।