ਰਾਜਪੁਰਾ 'ਚ ਗਰਿਲ ਚੋਰਾਂ ਨੇ ਪਾਰਕਾਂ, ਸੜਕਾਂ ਦੇ ਨਾਲ-ਨਾਲ ਸਿਵਲ ਹਸਪਤਾਲ ਨੂੰ ਵੀ ਬਣਾਇਆ ਨਿਸ਼ਾਨਾ
ਅਜੀਤ ਡੈਸਕ
17-07-2025
ਚੋਰੀਆਂ ਸੰਬੰਧੀ ਪੁਲਿਸ ਕੋਲ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਚੋਰਾਂ ਦੇ ਹੋਂਸਲੇ ਦਿਨੋਂ-ਦਿਨ ਬਰਸਾਤੀ ਘਾਹ ਵਾਂਗ ਵਧਦੇ ਜਾ ਰਹੇ ਹਨ | ਜਾਣਕਾਰੀ ਮੁਤਾਬਿਕ ਇੱਥੋਂ ਦੇ ਸਿਵਲ ਹਸਪਤਾਲ ਨੂੰ ਕਿਸੇ ਸਮੇਂ ਵਿਚ ਪੰਜਾਬ ਭਰ 'ਚ ਵਧੀਆ ਕਾਰਗੁਜ਼ਾਰੀ ਲਈ ਇਨਾਮ ਦਿੱਤਾ ਗਿਆ ਸੀ | ਇਸ ਦੇ ਨਾਲ ਹੀ ਇੱਥੋਂ ਦਾ ਸ਼ਿਵਾ ਜੀ ਪਾਰਕ ਜੋ ਸ਼ਹਿਰ ਦਾ ਸਭ ਤੋਂ ਵੱਡਾ ਪਾਰਕ ਹੈ ਇੱਥੇ ਹਰ ਰੋਜ਼ ਸੈਂਕੜੇ ਹੀ ਸ਼ਹਿਰ ਵਾਸੀ ਸੈਰ ਕਰਨ ਲਈ ਆਉਂਦੇ ਹਨ | ਇਸ ਪਾਰਕ ਦੇ ਵੀ ਆਲੇ-ਦੁਆਲੇ ਚਾਰਦੀਵਾਰੀ ਕਰਕੇ ਲੋਹੇ ਦੀਆ ਮੋਟੀਆਂ-ਮੋਟੀਆਂ ਗਰਿਲਾਂ ਲਾਈਆਂ ਗਈਆਂ ਹਨ ਪਰ ਚੋਰਾਂ ਨੇ ਪਾਰਕ ਦੀਆਂ ਗਰਿਲਾਂ ਵੀ ਚੋਰੀ ਕਰ ਲਈਆਂ ਹਨ | ਇਸ ਦੇ ਨਾਲ ਹੀ ਅੰਡਰ ਬਿ੍ਜ ਵਿਚ ਪਾਣੀ ਦੀ ਨਿਕਾਸੀ ਲਈ ਕਾਫੀ ਭਾਰੀ-ਭਾਰੀ ਗਰਿਲਾਂ ਲਾਈਆਂ ਹੋਈਆਂ ਹਨ, ਚੋਰ ਉਨ੍ਹਾਂ ਨੂੰ ਵੀ ਚੋਰੀ ਕਰਕੇ ਲੈ ਗਏ ਹਨ | ਇੱਥੋਂ ਦੇ ਲਿਬਰਟੀ ਚੌਕ ਤੋਂ ਲੈ ਕੇ ਗਗਨ ਚੌਂਕ ਤੱਕ ਪਿੰਕ ਰੋਡ ਬਣਾਈ ਗਈ ਸੀ ਅਤੇ ਇਸ ਸੜਕ ਦੇ ਵਿਚਾਲੇ ਗਰਿਲਾਂ ਲਾਈਆਂ ਸਨ | ਇਸ ਦੇ ਨਾਲ ਹੀ ਇੱਥੋਂ ਦੇ ਰੇਲਵੇ ਓਵਰ ਬਿ੍ਜ ਦੇ ਹੇਠਾਂ ਵੀ ਗਰਿਲਾਂ ਲਾਈਆਂ ਗਈਆਂ ਸਨ ਜੋ ਚੋਰੀ ਹੋ ਗਈਆਂ ਹਨ | ਸਾਮਾਨ ਖ਼ਰੀਦ ਕਰਨ ਵਾਲਿਆਂ ਨੂੰ ਵੀ ਪਤਾ ਹੁੰਦਾ ਹੈ ਕਿ ਇਹ ਚੋਰੀ ਦਾ ਸਾਮਾਨ ਹੈ, ਇਸ ਦੇ ਬਾਵਜੂਦ ਵੀ ਚੋਰੀ ਦੇ ਸਾਮਾਨ ਦੀ ਖ਼ਰੀਦੋ ਫ਼ਰੋਖ਼ਤ ਜਾਰੀ ਹੈ | ਇਸ ਚੋਰੀ ਸੰਬੰਧੀ ਸ਼ਹਿਰ ਦੇ ਕਈ ਲੋਕਾਂ ਨੇ ਆਪਣਾ ਨਾਮ ਦਾ ਲਿਖਣ ਦੀ ਸ਼ਰਤ 'ਤੇ ਦੱਸਿਆ ਕਿ ਗਰਿਲ ਚੋਰ ਰਾਤ ਸਮੇਂ ਟਰੈਕਟਰ ਵਗ਼ੈਰਾ ਲੈ ਕੇ ਆਉਂਦੇ ਹਨ ਅਤੇ ਗਰਿਲਾਂ ਵਿਚ ਰੱਸਾ ਪਾ ਕੇ ਝਟਕਾ ਮਾਰ ਕੇ ਗਰਿਲ ਤੋੜ ਕੇ ਚਲੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਗਰਿਲਾਂ ਚੋਰੀ ਕਰ ਲਈਆਂ ਜਾਂਦੀਆਂ ਹਨ | ਲੋਕਾਂ ਦੇ ਦੱਸਣ ਮੁਤਾਬਿਕ ਇਹ ਕਾਫੀ ਵੱਡਾ ਗੈਂਗ ਹੈ ਜਿਹੜਾ ਰਲ-ਮਿਲ ਕੇ ਨਗਰ ਕੌਂਸਲ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਰਿਹਾ ਹੈ |
ਇਸ ਸੰਬੰਧੀ ਐਸ.ਐਮ.ਓ. ਡਾ. ਸੋਨੀਆ ਜੰਗਵਾਲ ਨੇ ਕਿਹਾ ਕਿ ਹਸਪਤਾਲ ਦੀ ਚਾਰਦੀਵਾਰੀ ਦੀਆਂ ਗਰਿਲਾਂ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ |
ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਗਰਿਲ ਚੋਰਾਂ ਸੰਬੰਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਹਾਲ ਦੀ ਘੜੀ ਚੋਰੀ ਦੀਆਂ ਘਟਨਾਵਾਂ ਰੁਕ ਨਹੀ ਰਹੀਆਂ |