ਨੰਬਰਦਾਰ ਐਸੋਸੀਏਸ਼ਨ ਗ਼ਾਲਿਬ ਦੀ ਬੈਠਕ ਹੋਈ
ਅਜੀਤ ਡੈਸਕ
16-07-2025
ਇਸ ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਨੰਬਰਦਾਰਾਂ ਨੇ ਆਪਣੇ ਹੱਕਾਂ ਸੰਬੰਧੀ ਵਿਚਾਰ ਸਾਂਝੇ ਕੀਤੇ | ਨੰਬਰਦਾਰ ਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਸਰਕਾਰ ਕੋਲ ਸਿੱਧੀ ਮੰਗ ਰੱਖੀ ਕਿ ਨੰਬਰਦਾਰਾਂ ਨੂੰ ਦਿੱਤਾ ਜਾਣ ਵਾਲਾ ਮਾਣਭੱਤਾ ਵਧਾ ਕੇ ਘੱਟੋ-ਘੱਟ 5 ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਨੰਬਰਦਾਰ ਪਿੰਡ ਦੀ ਸਰਕਾਰੀ ਜ਼ਿੰਮੇਵਾਰੀ ਨਿਭਾਉਂਦੇ ਹਨ ਪਰ ਉਨ੍ਹਾਂ ਨੂੰ ਇਸ ਦੇ ਬਦਲੇ ਕੋਈ ਵਾਜਬ ਮਾਨ ਸਨਮਾਨ ਨਹੀਂ ਮਿਲਦਾ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨੰਬਰਦਾਰਾਂ ਦਾ ਬੱਸ ਕਿਰਾਇਆ ਮੁਆਫ਼ ਕੀਤਾ ਜਾਵੇ | ਬੈਠਕ ਵਿਚ ਵਾਤਾਵਰਨ ਬਚਾਉਣ ਲਈ ਵਧ ਤੋਂ ਵਧ ਬੂਟੇ ਲਗਾਉਣ ਦਾ ਵੀ ਸੰਕਲਪ ਲਿਆ ਗਿਆ ਅਤੇ ਇਹ ਵੀ ਫ਼ੈਸਲਾ ਲਿਆ ਗਿਆ ਕਿ ਪਿੰਡਾਂ ਵਿਚ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ, ਬਲਕਿ ਮਸ਼ੀਨਾਂ ਰਾਹੀਂ ਪਰਾਲੀ ਸੰਭਾਲਣ ਲਈ ਤਿਆਰ ਹੋਣ | ਇਸ ਮੰਤਵ ਨਾਲ ਨੰਬਰਦਾਰ ਐਸੋਸੀਏਸ਼ਨ ਨੇ ਸਰਕਾਰ ਕੋਲ ਮੰਗ ਰੱਖੀ ਕਿ ਵੱਡੇ ਪਿੰਡਾਂ ਲਈ ਇਕ ਮਸ਼ੀਨ ਅਤੇ ਤਿੰਨ ਛੋਟੇ ਪਿੰਡਾਂ ਲਈ ਇਕ ਮਸ਼ੀਨ ਦਿੱਤੀ ਜਾਵੇ | ਇਸ ਦੇ ਨਾਲ ਹੀ ਜਮਾਂਬੰਦੀ ਸੱਬੰਧੀ ਇਕ ਅਹਿਮ ਸੁਝਾਅ ਵੀ ਸਰਕਾਰ ਕੋਲ ਭੇਜਣ ਦਾ ਫ਼ੈਸਲਾ ਹੋਇਆ ਕਿ ਹਰ ਚਾਰ ਸਾਲ ਦੀ ਜਮਾਂਬੰਦੀ ਦਾ ਰਿਕਾਰਡ ਪਿੰਡ ਦੇ ਮੁਹਤਬਰ ਵਿਅਕਤੀ ਅਤੇ ਨੰਬਰਦਾਰ ਦੀ ਹਾਜ਼ਰੀ ਵਿਚ ਤਹਿਸੀਲ ਵਿਚ ਪੜ੍ਹ ਕੇ ਸੁਣਾਇਆ ਜਾਵੇ | ਇਸ ਮੌਕੇ ਗੁਰਦੀਪ ਸਿੰਘ ਫਰਾਂਸ ਵਾਲਾ, ਰਾਮ ਮੂਰਤੀ, ਜਗਪਾਲ ਸਿੰਘ, ਰਿਸ਼ੀ ਪਾਲ, ਹਰਪਾਲ ਸਿੰਘ, ਰਾਮਗਿਰ, ਰਜਿੰਦਰ ਸਿੰਘ ਪਠਾਣਮਾਜਰਾ, ਗੁਰਨਾਮ ਸਿੰਘ ਬਹਿਰੁ, ਪ੍ਰੇਮ ਸਿੰਘ, ਪ੍ਰਕਾਸ਼ ਸਿੰਘ ਅਲੀਪੁਰ, ਚੰਦਰ ਮਣੀ, ਕਮਲੇਸ਼ ਕੁਮਾਰ, ਕਾਕਾ ਸਿੰਘ, ਅਮਰਜੀਤ ਸਿੰਘ ਲੇਹਲਾਂ ਆਦਿ ਹਾਜ਼ਰ ਸਨ |