ਪਟਿਆਲਾ, 15 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਖੇਡ ਡਾਇਰੈਕਟੋਰੇਟ ਦੀ 'ਸਪੋਰਟਸ ਕਮੇਟੀ' ਦਾ ਜਨਰਲ ਇਜਲਾਸ ਕਰਵਾਇਆ ਗਿਆ ਜਿਸ ਵਿਚ ਖੇਡਾਂ ਦੇ ਖੇਤਰ ਨਾਲ ਜੁੜੇ ਵੱਖ-ਵੱਖ ਮਾਮਲਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਦੀ ਸ਼ਾਨਦਾਰ ਵਿਰਾਸਤ ਨੂੰ ਬਹਾਲ ਰੱਖੇ ਜਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਵਿੱਤੀ ਸੀਮਾਵਾਂ ਦੇ ਬਾਵਜੂਦ ਪੜਾਅਵਾਰ ਤਰੀਕੇ ਨਾਲ ਅੱਗੇ ਵਧਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਛੋਟੇ-ਛੋਟੇ ਕਦਮਾਂ ਦੇ ਰੂਪ 'ਚ ਕੀਤੀਆਂ ਜਾਣ ਵਾਲੀਆਂ ਪਹਿਲ ਕਦਮੀਆਂ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੰਜਾਬੀ ਯੂਨੀਵਰਸਿਟੀ ਮੁੜ ਮਾਕਾ ਟਰਾਫ਼ੀ ਜਿੱਤਣਾ ਯਕੀਨੀ ਬਣਾ ਸਕੇ | ਉਨ੍ਹਾਂ ਇਸ ਮੌਕੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ 'ਚ ਨਵੇਂ ਵਿੱਤੀ ਸਰੋਤ ਜੁਟਾਉਣ ਹਿਤ ਆਪਣੇ ਪੱਧਰ 'ਤੇ ਪਹਿਲ ਕਦਮੀਆਂ ਕਰਨ ਬਾਰੇ ਵੀ ਸੁਝਾਇਆ | ਉਨ੍ਹਾਂ ਕਿਹਾ ਕਿ ਕਾਰਪੋਰੇਟ ਸੈਕਟਰ ਤੋਂ ਸੀ.ਐੱਸ.ਆਰ. ਗਰਾਂਟ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ | ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਜਲਾਸ ਦੌਰਾਨ ਯੂਨੀਵਰਸਿਟੀ ਅਧੀਨ ਆਉਂਦੇ ਵੱਖ-ਵੱਖ ਕਾਲਜਾਂ ਤੋਂ ਪੁੱਜੇ ਪਿ੍ੰਸੀਪਲ, ਅਧਿਆਪਕ, ਕੋਚ ਸਾਹਿਬਾਨ ਵਲੋਂ ਆਪਣੇ ਸੁਝਾਅ ਪੇਸ਼ ਕੀਤੇ ਗਏ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਨ੍ਹਾਂ ਸੁਝਾਵਾਂ 'ਤੇ ਗ਼ੌਰ ਕੀਤਾ ਜਾਵੇਗਾ ਤਾਂ ਕਿ ਖੇਡ ਖੇਤਰ 'ਚ ਹੋਰ ਵਧੇਰੇ ਪ੍ਰਾਪਤੀਆਂ ਕੀਤੀਆਂ ਜਾ ਸਕਣ | ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵਲੋਂ ਸਵਾਗਤੀ ਸ਼ਬਦ ਬੋਲੇ ਗਏ ਅਤੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ | ਸਪੋਰਟਸ ਕਮੇਟੀ ਦੇ ਕਨਵੀਨਰ ਡਾ. ਬਰਿੰਦਰ ਕੌਰ, ਪਿ੍ੰਸੀਪਲ, ਮਾਤਾ ਸੁੰਦਰੀ ਕਾਲਜ ਮਾਨਸਾ ਵਲੋਂ ਰਸਮੀ ਰੂਪ 'ਚ ਧੰਨਵਾਦੀ ਸ਼ਬਦ ਬੋਲੇ ਗਏ | ਇਸ ਮੌਕੇ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ, ਡੀਨ ਵਿਦਿਆਰਥੀ ਭਲਾਈ ਡਾ. ਮੋਨਿਕਾ ਚਾਵਲਾ ਆਦਿ ਵੀ ਮੌਜੂਦ ਸਨ |