ਰੁੱਖਾਂ ਨੂੰ ਲਗਾਉਣ ਲਈ ਕੱਢਦੇ ਨੇ 'ਦਸਵੰਧ' ਆਪਣੇ ਨਾਂਅ ਪਿੱਛੇ 'ਰੁੱਖ' ਤਖਲਸ ਲਗਾਇਆ
ਅਜੀਤ ਡੈਸਕ
16-07-2025
ਪਾਤੜਾਂ, 15 ਜੁਲਾਈ-ਵਿਗਿਆਨਿਕ ਤਰੱਕੀ ਕਾਰਨ ਪਿੰਡਾਂ ਅਤੇ ਸ਼ਹਿਰਾਂ ਅੰਦਰ ਹੋਰ ਰਹੀਆਂ ਧੜਾ-ਧੜ ਉਸਾਰੀਆਂ, ਸੜਕਾਂ ਨੂੰ ਚੌੜਾ ਕਰਨ ਅਤੇ ਨਵੀਆਂ ਬਣ ਰਹੀਆਂ ਸੜਕਾਂ ਕਾਰਨ ਜਿੱਥੇ ਦਰਖਤ ਦੀ ਵੱਡੀ ਪੱਧਰ ਉੱਤੇ ਕਟਾਈ ਹੋ ਰਹੀ ਹੈ, ਉੱਥੇ ਹੀ ਪੰਜਾਬ ਅੰਦਰ ਜੰਗਲ ਤੇ ਹਰਿਆਲੀ ਵੀ ਖ਼ਤਮ ਹੁੰਦੀ ਜਾ ਰਹੀ ਹੈ, ਜਿਸ ਕਰਕੇ ਹਰ ਸਾਲ ਤਾਪਮਾਨ ਵਿਚ ਲਗਾਤਾਰ ਤਬਦੀਲੀ ਆ ਰਹੀ ਹੈ ਅਤੇ ਵਾਤਾਵਰਨ ਵੀ ਗੰਧਲਾ ਹੁੰਦਾ ਜਾ ਰਿਹਾ ਹੈ, ਦੂਜੇ ਪਾਸੇ ਪਟਿਆਲਾ ਜ਼ਿਲੇ੍ਹ ਦੇ ਕਸਬਾ ਘੱਗਾ ਵਿਖੇ ਇਕ ਅਜਿਹਾ ਸ਼ਖ਼ਸ ਹੈ ਜੋ ਰੁੱਖਾਂ ਨੂੰ ਆਪਣੇ ਬੱਚਿਆਂ ਵਾਂਗੂੰ ਪਿਆਰ ਕਰਦਾ ਹੈ ਅਤੇ ਪਿਛਲੇ ਲਗਭਗ 15 ਸਾਲਾਂ ਤੋਂ ਆਪਣੀ ਨਿੱਜੀ ਕਮਾਈ ਵਿਚੋਂ ਦਸਵੰਧ ਕੱਢ ਕੇ ਮੁਫ਼ਤ ਰੁੱਖ ਲਗਾਉਣ ਦੀ ਸੇਵਾ ਕਰ ਰਿਹਾ ਹੈ | ਕਸਬਾ ਘੱਗਾ ਦੇ ਵਸਨੀਕ ਰਾਜ ਕੁਮਾਰ ਰੁੱਖ ਰੁੱਖਾਂ ਨੂੰ ਪਿਆਰ ਕਰਦਿਆਂ ਇੰਨੇ ਗੰਭੀਰ ਹੋ ਗਏ ਕਿ ਉਨ੍ਹਾਂ ਆਪਣੇ ਨਾਮ ਦੇ ਪਿੱਛੇ ਸਿਰਨੇਮ ਵੀ ਰੁੱਖ ਹੀ ਲਗਾ ਲਿਆ | ਰਾਜ ਕੁਮਾਰ ਰੁੱਖ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇਕ ਪ੍ਰਾਈਵੇਟ ਸਕੂਲ ਵਿਚ ਨੌਕਰੀ ਕਰਦੇ ਹਨ ਅਤੇ ਆਪਣੀ ਤਨਖਾਹ ਵਿਚੋਂ ਹਰ ਮਹੀਨੇ ਦਸਵੰਧ ਕੱਢ ਕੇ ਮੁਫ਼ਤ ਰੁੱਖ ਲਗਾਉਣ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਜੈਨ, ਬੁੱਧ, ਇਸਾਈ, ਹਿੰਦੂ, ਪਾਰਸੀ, ਸਿੱਖ ਧਰਮ, ਸੰਬੰਧੀ ਕਈ ਗ੍ਰੰਥ ਪੜੇ ਹਨ ਜਿਸ ਤੋਂ ਪ੍ਰੇਰਿਤ ਹੁੰਦਿਆਂ ਉਨ੍ਹਾਂ ਸਰਬ ਸਾਂਝੀ ਵਾਲਤਾ ਦਾ ਹੋਕਾ ਦੇਣ ਲਈ ਆਪਣੇ ਨਾਮ ਦੇ ਪਿੱਛੇ 'ਰੁੱਖ' ਲਗਾਇਆ ਹੈ, ਕਿਉਂਕਿ ਰੁੱਖ ਵੀ ਸਰਬ ਸਾਂਝੀਵਾਲਤਾ ਦਾ ਹੋਕਾ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਉਹ 2009 ਤੋਂ ਰੁੱਖ ਲਗਾਉਣ ਦੀ ਸੇਵਾ ਕਰ ਰਹੇ ਹਨ ਜਿਸ ਵਿਚ ਉਨ੍ਹਾਂ ਸ਼ਮਸ਼ਾਨ ਘਾਟ, ਕਬਰਿਸਤਾਨ, ਗੁਰਦੁਆਰਾ ਸਾਹਿਬ, ਮੰਦਿਰ, ਮਸੀਤ, ਸਕੂਲ, ਮੁਹੱਲਿਆਂ ਵਿਚ ਬਣੇ ਪਾਰਕ, ਅਤੇ ਆਮ ਰਸਤਿਆਂ ਵਿਚ ਹੁਣ ਤੱਕ ਵੱਖ-ਵੱਖ ਕਿਸਮਾ ਦੇ ਲਗਭਗ 25 ਹਜਾਰ ਤੱਕ ਰੁੱਖ ਲਗਾ ਚੁੱਕੇ ਹਨ | ਉਨ੍ਹਾਂ ਆਪਣੇ ਖੇਤ ਵਿਚ ਲਗਵਾਈ ਮੋਟਰ 'ਤੇ ਵੀ ਇਕ ਵਧੀਆ ਬਗੀਚੀ ਬਣਾਈ ਹੋਈ ਹੈ ਜਿੱਥੇ ਵੱਖ-ਵੱਖ ਮੈਡੀਸਨ ਅਤੇ ਫਲਾਂ ਦੇ ਬੂਟੇ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਉਹ ਆਪਣੇ ਦਸਵੰਧ ਵਿਚੋਂ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੀਆਂ ਕਿਤਾਬਾਂ, ਟਿਊਸ਼ਨ ਫ਼ੀਸ, ਅਤੇ ਦਵਾਈ ਲਈ ਵੀ ਕੁਝ ਪੈਸੇ ਕੱਢਦੇ ਹਨ | ਉਨ੍ਹਾਂ ਦੱਸਿਆ ਕਿ ਉਹ ਰੁੱਖ ਲਗਾਉਣ ਤੋਂ ਬਾਅਦ ਉਸ ਦੀ ਦੇਖਭਾਲ ਵੀ ਖੁਦ ਕਰਦੇ ਹਨ ਜਿਸ ਵਿਚ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ | ਰਾਜ ਕੁਮਾਰ 'ਰੁੱਖ' ਨੇ ਦੱਸਿਆ ਕਿ ਅੱਜ ਤੱਕ ਕਿਸੇ ਵੀ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ | ਉਨ੍ਹਾਂ ਸਰਕਾਰ ਅਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦਾ ਸੁੱਖ ਮਾਣ ਸਕਣ |