ਸਮਾਣਾ, 15 ਜੁਲਾਈ (ਹਰਵਿੰਦਰ ਸਿੰਘ ਟੋਨੀ)-ਪੰਜਾਬ ਵਿਧਾਨ ਸਭਾ ਵਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਵੇਂ ਬਣਾਏ ਕਾਨੂੰਨ ਸਟੈਂਡਿੰਗ ਕਮੇਟੀ ਨੂੰ ਭੇਜਣ ਦਾ ਟਾਵਰ ਮੋਰਚੇ ਦੇ ਆਗੂਆਂ ਨੇ ਸਖ਼ਤ ਗ਼ੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ 9 ਮਹੀਨਿਆਂ ਤੋਂ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ 'ਤੇ ਚੜ੍ਹੇ ਭਾਈ ਗੁਰਜੀਤ ਸਿੰਘ ਨੂੰ ਮਾਰਨ ਦੀ ਤਿਆਰੀ ਕਰ ਲਈ ਹੈ | ਮੋਰਚੇ ਦੇ ਸੰਯੋਜਕ ਭਾਈ ਗੁਰਪ੍ਰੀਤ ਸਿੰਘ ਟਹਿਲ ਸੇਵਾ ਅੱਠੇ ਪਹਿਰ ਸ੍ਰੀ ਆਨੰਦਪੁਰ ਸਾਹਿਬ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਵਲੋਂ 14 ਜੁਲਾਈ ਨੂੰ ਮੀਡੀਆ ਵਿਚ ਕੀਤੇ ਐਲਾਨ ਅਤੇ ਪਟਿਆਲਾ, ਸਮਾਣਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਦਿੱਤੇ ਜਾ ਰਹੇ ਭਰੋਸੇ ਦੇ ਖ਼ਿਲਾਫ਼ ਅੱਜ ਵਿਧਾਨ ਸਭਾ ਵਿਚ ਬੇਅਦਬੀ ਰੋਕੂ ਕਾਨੂੰਨ ਪਾਸ ਕਰਨ ਦੀ ਥਾਂ ਉਸ ਨੂੰ ਠੰਢੇ ਬਸਤੇ 'ਚ ਪਾਉਂਦੇ ਹੋਏ 6 ਮਹੀਨੇ ਲਈ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਹੈ ਜੋ ਕਿ ਸਿੱਧਾ-ਸਿੱਧਾ ਗੁਰਜੀਤ ਸਿੰਘ ਖ਼ਾਲਸਾ ਨੂੰ ਮਾਰਨ ਦੀ ਤਿਆਰੀ ਲੱਗ ਰਹੀ ਹੈ | ਉਨ੍ਹਾਂ ਦੀ ਸਿਹਤ ਕਾਫੀ ਵਿਗੜੀ ਹੋਈ ਹੈ | ਅੱਜ ਦੇ ਸੈਸ਼ਨ ਨੂੰ ਵੇਖ ਕੇ ਮੋਰਚੇ ਵਿਚ ਸ਼ਾਮਲ ਸੰਗਤਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਟੈਂਡਿੰਗ ਕਮੇਟੀ ਦੀ ਇਹ ਸਾਰੀ ਕਾਰਵਾਈ 15 ਦਿਨਾਂ 'ਚ ਮੁਕੰਮਲ ਕਰਕੇ, ਇਸ ਕਾਨੂੰਨ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਸ ਕੀਤਾ ਜਾਏ ਤਾਂ ਕਿ ਸਰਕਾਰ ਤੋਂ ਇਹ ਸਰਬਤ ਦੇ ਭਲੇ ਦਾ ਕਾਰਜ ਕਰਵਾਉਣ ਵਾਲਾ ਇਕ ਆਮ ਘਰ ਦਾ ਨੌਜਵਾਨ ਭਾਈ ਗੁਰਜੀਤ ਸਿੰਘ ਖ਼ਾਲਸਾ ਸਹੀ ਸਲਾਮਤ ਆਪਣੇ ਘਰ ਪਹੁੰਚ ਕੇ ਆਪਣੀ ਰੋਂਦੀ ਮਾਂ ਦੇ ਹੰਝੂ ਪੂੰਝ ਸਕੇ ਅਤੇ ਆਪਣੇ ਬੱਚੇ ਦੇ ਸਿਰ 'ਤੇ ਹੱਥ ਰੱਖੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਦੀ ਹਾਲਤ ਲਈ ਉਪਮੰਡਲ ਸਮਾਣਾ, ਜ਼ਿਲ੍ਹਾ ਪਟਿਆਲਾ ਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ | ਇਸ ਮੌਕੇ ਭਾਈ ਤਲਵਿੰਦਰ ਸਿੰਘ ਔਲਖ, ਸੋਹਣ ਸਿੰਘ ਵਿਰਕ ਅਤੇ ਹੋਰ ਆਗੂ ਹਾਜ਼ਰ ਸਨ |