ਜੰਡਿਆਲਾ ਗੁਰੂ, 19 ਨਵੰਬਰ (ਹਰਜਿੰਦਰ ਸਿੰਘ ਕਲੇਰ)-ਗੁਰਦੁਆਰਾ ਨਾਨਕਸਰ ਸਾਹਿਬ, ਨਾਨਕਸਰ ਨਗਰ ਜੰਡਿਆਲਾ ਗੁਰੂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਆਠ ਰੋਜ਼ਾ ਗੁਰਮਤਿ ਸਮਾਗਮਾਂ ਦੀ ਸਮਾਪਤੀ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਨਾਨਕਸਰ ਸਾਹਿਬ ਵਿਚ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਤਰ ਛਾਇਆ ਹੇਠ ਸਰੋਤਿਆਂ ਦੇ ਦਰਸ਼ਨ ਲਈ ਸੁਸ਼ੋਭਿਤ ਕੀਤਾ ਗਿਆ | ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਦੀ ਰਵਾਨਗੀ ਹੋਈ | ਗੁਰਦੁਆਰਾ ਨਾਨਕਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਿਬੇਕ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਗੋਰੇਵਾਲ, ਗੁੰਨੋਵਾਲ, ਗੁਰੂ ਤੇਗ ਬਹਾਦਰ ਕਾਲੋਨੀ, ਮੱਲ੍ਹੀਆਂ, ਤਾਰਾਗੜ੍ਹ, ਤਿੰਮੋਵਾਲ ਬਾਬਾ ਗੁਰਦਿੱਤਾ ਸਾਹਿਬ, ਏਕਲਗੱਡਾ, ਦੀਨੇਵਾਲ, ਜਹਾਂਗੀਰ, ਧਾਰੜ ਅਤੇ ਜੰਡਿਆਲਾ ਗੁਰੂ ਰਾਹੀਂ ਹੁੰਦਾ ਹੋਇਆ ਸ਼ਾਮ ਦੇਰ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸਮਾਪਤ ਹੋਇਆ, ਜਿੱਥੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਦੌਰਾਨ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਬਾਣੀ-ਬਾਣੇ ਦੀ ਰੀਤ ਅਪਣਾਉਣ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜੀਵਨ ਸਫਲ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਬਾਬਾ ਪਵਨਪ੍ਰੀਤ ਸਿੰਘ ਕਰੋਲ ਕਾ ਟਿੱਬਾ, ਹਿਮਾਚਲ ਪ੍ਰਦੇਸ਼ ਵਲੋਂ ਵੀ ਵਿਸ਼ੇਸ਼ ਹਾਜ਼ਰੀ ਭਰੀ ਗਈ |