ਬਾਬਾ ਬਕਾਲਾ ਸਾਹਿਬ, 19 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ ਦੇ ਬੇਟੇ ਸਰਪੰਚ ਜਸਪੁਨੀਤ ਸਿੰਘ ਉਪਰ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕਰਨ ਦੀ ਖ਼ਬਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਪੁਨੀਤ ਸਿੰਘ (33 ਸਾਲ) ਸਰਪੰਚ ਲੱਖਾ ਸਿੰਘ ਵਾਲਾ ਨੇ ਦੱਸਿਆ ਕਿ ਮੇਰੇ ਜੰਡਿਆਲਾ ਗੁਰੂ ਅਤੇ ਖਿਲਚੀਆਂ ਸਰਕਲ ਵਿਚ ਸ਼ਰਾਬ ਦੇ ਠੇਕੇ ਹਨ | ਬੀਤੀ ਰਾਤ 8.15 ਵਜੇ ਦੇ ਕਰੀਬ ਉਹ ਆਪਣੇ ਸਰਕਲ ਇੰਚਾਰਜ ਸੰਨੀ ਸਲਵਾਨ ਪੁੱਤਰ ਹੀਰਾ ਲਾਲ ਸਲਵਾਨ ਵਾਸੀ ਪੁਤਲੀਘਰ ਅੰਮਿ੍ਤਸਰ ਅਤੇ 5-6 ਹੋਰ ਵਰਕਰਾਂ ਨਾਲ ਆਪਣੀ ਪ੍ਰਾਈਵੇਟ ਗੱਡੀਆਂ 'ਤੇ ਸਵਾਰ ਹੋ ਕੇ ਠੇਕਿਆਂ ਦੀ ਚੈਕਿੰਗ ਕਰਕੇ ਅੱਡਾ ਖਿਲਚੀਆਂ- ਰਤਨਗੜ੍ਹ ਰੋਡ, ਠੇਕਾ ਨੰਬਰ 01 ਉਪਰ ਪੁੱਜੇ ਤਾਂ ਅਚਾਨਕ ਠੇਕੇ ਦੇ ਸਾਹਮਣੇ ਸੂਏ ਵਾਲੀ ਸਾਇਡ 'ਤੇ ਕਿਸੇ ਨਾਮਾਲੂਮ ਵਿਅਕਤੀਆਂ ਵਲੋਂ ਗੋਲੀ ਚਲਾਉਣ ਦੀ ਆਵਾਜ਼ ਆਈ | ਗੋਲੀ ਦੀ ਆਵਾਜ਼ ਸੁਣ ਕੇ ਮੈਂ ਅਤੇ ਮੇਰੇ ਵਰਕਰ ਇਕਦਮ ਠੇਕੇ ਦੇ ਅੰਦਰ ਵੱਲ ਨੂੰ ਹੋ ਗਏ ਤੇ ਇਕ ਫਾਇਰ ਸਾਡੀ ਠੇਕੇ ਦੀ ਕੰਧ ਦੇ ਉਪਰ ਅਤੇ ਇਕ ਫਾਇਰ ਠੇਕੇ ਦੀ ਬੁਰਜੀ 'ਤੇ ਲੱਗਾ, ਫਿਰ ਅਸੀ ਆਪਣੇ ਬਚਾਅ ਲਈ ਮੈਂ ਅਤੇ ਮੇਰੇ ਸਾਥੀਆਂ ਨੇ ਆਪਣੇ ਲਾਇਸੰਸੀ ਪਿਸਟਲਾਂ ਨਾਲ ਸੂਏ ਵਾਲੀ ਸਾਇਡ ਨੂੰ ਹਵਾਈ ਫਾਇਰ ਕੀਤੇ ਜੋ ਸਾਡੇ ਵਲੋਂ ਹਵਾਈ ਫਾਇਰ ਕਰਨ 'ਤੇ ਉਕਤ ਨਾਮਾਲੂਮ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ | ਉਨ੍ਹਾਂ ਨੇ ਇਸ ਸੰਬੰਧੀ ਥਾਣਾ ਖਿਲਚੀਆਂ ਵਿਖੇ ਰਿਪੋਰਟ ਦਰਜ ਕਰਵਾਈ ਹੈ | ਥਾਣਾ ਖਿਲਚੀਆਂ ਦੀ ਪੁਲਿਸ ਨੇ ਉਕਤ ਦੇ ਬਿਆਨਾਂ 'ਤੇ ਮੁਕੱਦਮਾ ਨੰ: 0133 ਬੀ. ਐੱਨ. ਐੱਸ. 2023 ਧਾਰਾ 109, ਆਰਮਜ ਐਕਟ 1959 ਧਾਰਾ 25 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕੀਤੀ ਹੈ |