ਸ੍ਰੀ ਅਨੰਦਪੁਰ ਸਾਹਿਬ, 8 ਦਸੰਬਰ (ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ 12 ਘੰਟਿਆਂ ਤੋਂ ਵੱਧ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋਣ ਕਰਕੇ ਸ਼ਹਿਰ ਵਾਸੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ | ਜਲ ਸਪਲਾਈ ਵਿਭਾਗ ਵਲੋਂ ਪਾਣੀ ਦੀ ਸਪਲਾਈ ਬੰਦ ਹੋਣ ਦਾ ਮੁੱਖ ਕਾਰਨ ਮਟੌਰ ਪਿੰਡ ਦੇ ਨੇੜੇ ਵੱਡੀ ਪਾਈਪ ਲਾਈਨ 'ਚ ਪਈ ਖਰਾਬੀ ਨੂੰ ਦੱਸਿਆ ਜਾ ਰਿਹਾ ਹੈ | ਸ਼ਹਿਰ ਵਾਸੀਆਂ ਨੇ ਦੋਸ ਲਗਾਇਆ ਕਿ ਕਈ ਮਹੀਨਿਆਂ ਤੋਂ ਸ਼ਹਿਰ 'ਚ ਪਾਣੀ ਦੀ ਸਪਲਾਈ ਵਾਲੀਆਂ ਪਾਇਪਾਂ 'ਚ ਖਰਾਬੀ, ਸੀਵਰੇਜ ਬੈਠਣ ਤੇ ਘਟੀਆ ਸਾਮਾਨ ਦੀ ਵਰਤੋਂ ਕਰਕੇ ਲੋਕਾਂ ਨੂੰ ਵਾਰ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਪਿਛਲੇ ਸਮਿਆਂ ਦੌਰਾਨ ਜਲ ਸਪਲਾਈ ਤੇ ਸੀਵਰੇਜ ਵਿਭਾਗ ਵਲੋਂ ਕਰਵਾਏ ਕੰਮਾਂ ਦੀ ਗੁਣਵਤਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਉੱਚ-ਪੱਧਰੀ ਜਾਂਚ ਕਰਾਈ ਜਾਵੇ ਅਤੇ ਕਸੂਰਵਾਰ ਪਾਏ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਸ਼ਹਿਰ ਵਾਸੀ ਮੁਨੀਸ਼ ਕੇਅਰਪਾਲ, ਪੰਕਜ ਸ਼ਰਮਾ, ਸੰਜੀਵ ਗੌਤਮ, ਸੁਰਜੀਤ ਸ਼ਰਮਾ, ਜਗਦੀਪ ਪੁਰੀ, ਸਾਬਕਾ ਕੌਂਸਲਰ ਮਹੇਸ਼ ਕਾਂਤ ਸ਼ਰਮਾ, ਪੰਡਿਤ ਦੇਵੀਦਾਸ, ਰਮੇਸ਼ ਵਰਮਾ ਆਦਿ ਨੇ ਕਿਹਾ ਹੈ ਕਿ ਉਕਤ ਵਿਭਾਗਾਂ ਵਲੋਂ ਪਿਛਲੇ ਸਮੇਂ ਦੌਰਾਨ ਮੁਕੰਮਲ ਕਰਵਾੲੈ ਕੰਮਾਂ 'ਚ ਵਾਰ ਵਾਰ ਆ ਰਹੀਆਂ ਖਾਮੀਆਂ ਵਿਭਾਗ ਦੀ ਅਣਗਹਿਲੀ ਜਾਂ ਘਟੀਆਂ ਸਾਮਾਨ ਦੀ ਵਰਤੋਂ ਕਰਨ ਦਾ ਨਤੀਜਾ ਹੈ | ਇਸ ਸੰਬੰਧ 'ਚ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਹਰਜੀਤ ਪਾਲ ਸਿੰਘ ਨੇ ਦੱਸਿਆ ਕਿ ਪਾਈਪ ਲਾਈਨ 'ਚ ਲੀਕਜ਼ ਹੋਣ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਕਰਮਚਾਰੀ ਇਸ ਨੂੰ ਠੀਕ ਕਰਨ 'ਚ ਲੱਗੇ ਹਨ | ਉਨ੍ਹਾਂ ਕਿਹਾ ਕਿ ਬੀਤੀ ਰਾਤ ਸ਼ਹਿਰ ਨੂੰ ਪਾਣੀ ਦੀ ਸਪਲਾਈ ਦਿੱਤੀ ਗਈ ਸੀ, ਪਰ ਕੁਝ ਮਹੱਲਿਆਂ 'ਚ ਅਜੇ ਵੀ ਸਮੱਸਿਆ ਆ ਰਹੀ ਹੈ, ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ |