ਰੂਪਨਗਰ, 8 ਦਸੰਬਰ (ਸਤਨਾਮ ਸਿੰਘ ਸੱਤੀ)-ਸਤਲੁਜ ਦਰਿਆ ਤੋਂ ਨਿਕਲਦੀ ਬਿਸਤ ਦੁਆਬਾ ਨਹਿਰ 'ਤੇ ਬਣਿਆ ਨੂਰਪੁਰ ਬੇਦੀ ਨੂੰ ਜੋੜਨ ਵਾਲਾ ਤੰਗ ਪੁਲ ਇਲਾਕੇ ਵਿਚ ਬੇਤਹਾਸ਼ਾ ਵਧ ਰਹੀ ਟ੍ਰੈਫ਼ਿਕ ਲਈ ਗੰਭੀਰ ਸਿਰਦਰਦੀ ਬਣ ਗਿਆ ਹੈ | ਨੂਰਪੁਰ ਬੇਦੀ ਖੇਤਰ ਤੋਂ ਆਉਣ-ਜਾਣ ਵਾਲੀ ਟ੍ਰੈਫ਼ਿਕ, ਖਾਸਕਰ ਟਿੱਪਰਾਂ ਦਾ ਭਾਰੀ ਦਬਾਅ ਤੇ ਸਵਰਾਜ ਮਾਜਦਾ ਲਿਮਿਟਡ ਕੰਪਨੀ ਦੇ ਸੈਂਕੜਿਆਂ ਕਰਮਚਾਰੀਆਂ ਦੀ ਇਕੋ ਸਮੇਂ ਮੂਵਮੈਂਟ ਕਾਰਨ ਹਰ ਰੋਜ਼ ਲੰਬੇ ਜਾਮ ਲੱਗ ਰਹੇ ਹਨ | ਅੱਜ ਸ਼ਾਮ ਸਾਢੇ ਚਾਰ ਕੁ ਵਜੇ ਫੈਕਟਰੀ ਦੀ ਸ਼ਿਫ਼ਟ ਖ਼ਤਮ ਹੋਣ 'ਤੇ ਜਦੋਂ ਵੱਡੀ ਗਿਣਤੀ ਕਰਮਚਾਰੀ ਦੋ-ਪਹੀਆ ਵਾਹਨ ਤੇ ਕਾਰਾਂ ਲੈ ਕੇ ਪੁਲ ਵੱਲ ਵਧੇ ਤਾਂ ਨੂਰਪੁਰ ਬੇਦੀ ਰੋਡ ਸਮੇਤ ਹੈੱਡਵਰਕਸ ਤੋਂ ਦੁਆਬਾ ਖੇਤਰ ਦੇ ਨਵਾਂ ਸ਼ਹਿਰ, ਹੁਸ਼ਿਆਰਪੁਰ, ਜਲੰਧਰ ਵੱਲ ਜਾਣ ਵਾਲੀ ਟ੍ਰੈਫ਼ਿਕ ਪੂਰੀ ਤਰ੍ਹਾਂ ਠੱਪ ਹੋ ਗਈ | ਲੋਕ ਲੰਬਾ ਸਮਾਂ ਜਾਮ ਵਿਚ ਫਸੇ ਰਹੇ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਲੋਕਾਂ ਦਾ ਕਹਿਣਾ ਹੈ ਕਿ ਬਿਸਤ ਦੁਆਬਾ ਨਹਿਰ 'ਤੇ ਪੁਲ ਬਹੁਤ ਪੁਰਾਣਾ ਤੇ ਤੰਗ ਹੈ, ਪਰ ਇਸ ਨੂੰ ਚੌੜਾ ਕਰਨ ਲਈ ਅੱਜ ਤੱਕ ਕੋਈ ਕੋਸ਼ਿਸ਼ ਨਹੀਂ ਕੀਤੀ ਗਈ | ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਕਈ ਵਾਰ ਪੁਲ ਨੂੰ ਚੌੜਾ ਕਰਨ, ਜਾਂ ਨਵੇਂ ਪੁਲ ਦੇ ਨਿਰਮਾਣ ਲਈ ਬਜਟ ਪਾਸ ਹੋਣ ਅਤੇ ਟੈਂਡਰ ਜਲਦ ਲੱਗਣ ਦੇ ਦਾਅਵੇ ਕੀਤੇ ਗਏ ਹਨ, ਪਰ ਅਮਲ ਸ਼ੁਰੂ ਨਾ ਹੋਣ ਕਾਰਨ ਸਥਿਤੀ ਜਿਉਂ ਦੀ ਤਿਉਂ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਭਾਰੀ ਭੀੜ ਦੇ ਸਮੇਂ ਟ੍ਰੈਫ਼ਿਕ ਸੰਭਾਲਣ ਲਈ ਨਾ ਤਾਂ ਕੋਈ ਟ੍ਰੈਫ਼ਿਕ ਕਰਮਚਾਰੀ ਤਾਇਨਾਤ ਕੀਤਾ ਜਾਂਦਾ ਹੈ ਤੇ ਨਾ ਹੀ ਫੈਕਟਰੀ ਪ੍ਰਬੰਧਕਾਂ ਵਲੋਂ ਆਪਣੇ ਗਾਰਡ ਭੇਜ ਕੇ ਟ੍ਰੈਫ਼ਿਕ ਸੁਚਾਰੂ ਬਣਾਉਣ ਲਈ ਯੋਗਦਾਨ ਪਾਇਆ ਜਾਂਦਾ ਹੈ | ਲੋਕ ਖੁਦ ਹੀ ਜੂਝਦੇ ਰਹਿੰਦੇ ਹਨ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ, ਪੀ. ਡਬਲਿਊ. ਡੀ. ਤੇ ਫੈਕਟਰੀ ਪ੍ਰਬੰਧਨ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕਰਦੇ ਹੋਏ ਮੰਗ ਕੀਤੀ ਹੈ ਕਿ ਪੁਲ ਦਾ ਵਿਸਤਾਰ ਕਾਰਜ ਤੁਰੰਤ ਸ਼ੁਰੂ ਕੀਤਾ ਜਾਵੇ ਤੇ ਜਾਮ ਦੀ ਸਮੱਸਿਆ ਤੋਂ ਰਾਹਤ ਦੇਣ ਲਈ ਪੱਕੀ ਟ੍ਰੈਫ਼ਿਕ ਡਿਊਟੀ ਯਕੀਨੀ ਬਣਾਈ ਜਾਵੇ | ਜੇ ਹਾਲਾਤ ਇਉਂ ਹੀ ਰਹੇ, ਤਾਂ ਇਹ ਤੰਗ ਪੁਲ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ |