ਜ਼ੀਰਕਪੁਰ, 8 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਵੀਜ਼ਾ ਦਿਵਾਉਣ ਦੇ ਨਾਂਅ 'ਤੇ 1.38 ਕਰੋੜ ਦੀ ਠੱਗੀ ਮਾਰਨ ਵਾਲੇ ਇਮੀਗ੍ਰੇਸ਼ਨ ਸਲਾਹਕਾਰ ਵਿਵੇਕ ਸ਼ੇਖਾਵਤ ਦੀ ਪਤਨੀ ਰਿਤੂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਪੁਲਿਸ ਨੇ ਉਸ ਨੂੰ ਉਤਰਾਖੰਡ ਦੇ ਮਾਲੀਟਲ ਤੋਂ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਮੁਲਜ਼ਮ ਰਿਤੂ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ | ਜਾਣਕਾਰੀ ਅਨੁਸਾਰ ਪਰਮਜੀਤ ਕੌਰ ਵਾਸੀ ਮੁਹਾਲੀ ਨੇ ਐਸ. ਐਸ. ਪੀ. ਮੁਹਾਲੀ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਐਸ. ਆਈ. ਆਈ. ਐਸ. ਐਜੂਕੇਸ਼ਨ ਸਲਿਊਸ਼ਨਜ਼ ਦੇ ਨਾਂਅ ਹੇਠ ਇਕ ਇਮੀਗ੍ਰੇਸ਼ਨ ਕੰਪਨੀ ਚਲਾਉਂਦੀ ਹੈ | ਅਪ੍ਰੈਲ 2023 ਤੋਂ ਦਸੰਬਰ 2023 ਦੇ ਵਿਚਕਾਰ ਉਸ ਨੇ ਬੱਚਿਆਂ ਨੂੰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਵੀਜ਼ਾ ਦਿਵਾਉਣ ਲਈ ਵਿਵੇਕ ਸ਼ੇਖਾਵਤ ਦੇ ਐਕਸਿਸ ਬੈਂਕ ਦੇ ਖਾਤੇ ਵਿਚ 1 ਕਰੋੜ 10 ਲੱਖ ਰੁ. ਟ੍ਰਾਂਸਫਰ ਕੀਤੇ ਸਨ | ਇਸ ਤੋਂ ਇਲਾਵਾ ਗੂਗਲ ਪੇ ਰਾਹੀਂ 28 ਲੱਖ ਰੁ. ਦਾ ਲੈਣ-ਦੇਣ ਕੀਤਾ ਗਿਆ ਸੀ | ਸ਼ਿਕਾਇਤ ਅਨੁਸਾਰ ਵਿਵੇਕ ਸ਼ੇਖਾਵਤ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਲਈ ਵੀਜ਼ਾ ਪ੍ਰਾਪਤ ਕਰਨ ਦੀ ਆੜ 'ਚ ਬੱਚਿਆਂ ਨੂੰ ਦੁਬਈ ਤੇ ਥਾਈਲੈਂਡ ਭੇਜ ਦਿੱਤਾ, ਪਰ ਉਸ ਵਲੋਂ ਦਿੱਤੀਆਂ ਟਿਕਟਾਂ ਤੇ ਵੀਜ਼ੇ ਜਾਅਲੀ ਨਿਕਲੇ | ਮੁਲਜ਼ਮ ਨੇ ਇਕ ਜਾਅਲੀ ਕੈਨੇਡੀਅਨ ਪੀ. ਪੀ. ਆਰ. ਵੀ ਦਿੱਤਾ, ਜਿਸ ਦੇ ਨਤੀਜੇ ਵਜੋਂ ਤਿੰਨ ਜਾਂ ਚਾਰ ਬੱਚਿਆਂ ਦੇ ਪਾਸਪੋਰਟ ਦਿੱਲੀ ਇਮੀਗ੍ਰੇਸ਼ਨ 'ਚ ਫਸ ਗਏ ਜੋ ਉਸ ਨੂੰ ਆਪਣੇ ਖਰਚੇ 'ਤੇ ਕਢਵਾਉਣੇ ਪਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਵਿਵੇਕ ਦਾ ਸਹੁਰਾ ਵੀ ਇਸ ਧੋਖਾਧੜੀ 'ਚ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਇਸ ਬਾਰੇ ਵਿਵੇਕ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜੇਕਰ ਤੁਸੀਂ ਜਲਦਬਾਜ਼ੀ ਕਰੋਗੇ ਤਾਂ ਨਾ ਤੁਹਾਨੂੰ ਤੁਹਾਡੇ ਪੈਸੇ ਵਾਪਸ ਮਿਲਣਗੇ ਤੇ ਨਾ ਹੀ ਕੰਮ ਹੋਵੇਗਾ | ਪਰਮਜੀਤ ਕੌਰ ਦਾ ਦੋਸ਼ ਹੈ ਕਿ ਉਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਂਅ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ | ਉਕਤ ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਬਲਰਾਜ ਸਿੰਘ ਨੇ ਦੱਸਿਆ ਕਿ ਉਕਤ ਧੋਖਾਧੜੀ ਸੰਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਬੀਤੀ ਜਨਵਰੀ 'ਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮੁਲਜ਼ਮ ਵਿਵੇਕ ਸ਼ੇਖਾਵਤ ਦੀ ਪਤਨੀ ਰਿਤੂ ਨੂੰ ਉੱਤਰਾਖੰਡ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਰਿਤੂ ਨੂੰ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ |