29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਡੇਰਾਬੱਸੀ ਦੀ ਗੁਲਾਬਗੜ੍ਹ ਸੜਕ 'ਤੇ ਲਗਦੀ ਸੋਮਵਾਰ ਦੀ ਮੰਡੀ ਨੇ ਲੋਕਾਂ ਨੂੰ ਪਾਇਆ ਵਕਤ ਜਾਮ ਕਰਕੇ ਪ੍ਰੇਸ਼ਾਨ ਲੋਕਾਂ ਨੇ ਅਧਿਕਾਰੀਆਂ 'ਤੇ ਸੁਣਵਾਈ ਨਾ ਕਰਨ ਦਾ ਲਗਾਇਆ ਦੋਸ਼

ਅਜੀਤ ਡੈਸਕ 15-07-2025
ਡੇਰਾਬੱਸੀ, 14 ਜੁਲਾਈ (ਗੁਰਮੀਤ ਸਿੰਘ)-ਗੁਲਾਬਗੜ੍ਹ ਸੜਕ 'ਤੇ ਹਰ ਸੋਮਵਾਰ ਲੱਗਦੀ ਪੁਰਾਣੇ ਸਮਾਨ ਦੀ ਮੰਡੀ ਨੇ ਇਲਾਕੇ ਦੇ ਵਸਨੀਕਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਕੀਤੀ ਹੋਈ ਹੈ | ਇਥੇ ਸਮਾਨ ਵੇਚਣ ਵਾਲੇ ਸੜਕ ਕਿਨਾਰੇ ਰੇਹੜੀਆਂ-ਫੜਿ੍ਹਆਂ ਲਗਾ ਕੇ ਬੈਠ ਜਾਂਦੇ ਹਨ | ਇਸ ਕਾਰਨ ਆਉਣ-ਜਾਣ ਵਾਲੇ ਵਾਹਨਾਂ ਲਈ ਰਸਤਾ ਤੰਗ ਹੋ ਜਾਂਦਾ ਹੈ | ਇਸ ਤੋਂ ਇਲਾਵਾ ਇਥੇ ਪਾਰਕਿੰਗ ਦੀ ਵਿਵਸਥਾ ਨਾ ਹੋਣ ਕਰਕੇ ਖ਼ਰੀਦਦਾਰੀ ਲਈ ਆਏ ਲੋਕ ਆਪਣੇ ਵਾਹਨ ਸੜਕ 'ਤੇ ਹੀ ਖੜ੍ਹੇ ਕਰ ਦਿੰਦੇ ਹਨ ਜਿਸ ਕਰਕੇ ਸੜਕ 'ਤੇ ਲੰਮਾ ਜਾਮ ਲੱਗ ਜਾਂਦਾ ਹੈ | ਗੁਲਾਬਗੜ੍ਹ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੰਡੀ ਲੱਗਣ ਕਰਕੇ ਆਮ ਆਵਾਜਾਈ ਰੁਕ ਜਾਂਦੀ ਹੈ ਅਤੇ ਲੋਕਾਂ ਨੂੰ ਲੰਮਾ ਸਮਾਂ ਜਾਮ ਕਾਰਨ ਪ੍ਰੇਸ਼ਾਨ ਹੋਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਮੰਡੀ 'ਚ ਆਉਣ ਵਾਲੇ ਵਪਾਰੀ ਅਤੇ ਗ੍ਰਾਹਕ ਆਪਣੀਆਂ ਗੱਡੀਆਂ ਸੜਕ 'ਤੇ ਹੀ ਖੜ੍ਹੀਆਂ ਕਰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਇਹ ਸਮੱਸਿਆ ਕਈ ਸਾਲਾਂ ਤੋਂ ਚਲੀ ਆ ਰਹੀ ਹੈ ਪਰ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਵਿਭਾਗ ਵਲੋਂ ਢੁਕਵਾਂ ਹੱਲ ਨਹੀਂ ਕੱਢਿਆ ਗਿਆ | ਉਨ੍ਹਾਂ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਕਿ ਮੰਡੀ ਨੂੰ ਕਿਸੇ ਹੋਰ ਥਾਂ 'ਤੇ ਸ਼ਿਫਟ ਕੀਤਾ ਜਾਵੇ ਜਾਂ ਟ੍ਰੈਫ਼ਿਕ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਮੰਡੀ ਨੂੰ ਕਿਸੇ ਖੁੱਲ੍ਹੇ ਅਤੇ ਵੱਡੇ ਮੈਦਾਨ 'ਚ ਸ਼ਿਫਟ ਕੀਤਾ ਜਾਵੇ, ਸੜਕ 'ਤੇ ਵਾਹਨ ਪਾਰਕ ਕਰਨ 'ਤੇ ਰੋਕ ਲਗਾਈ ਜਾਵੇ ਅਤੇ ਟ੍ਰੈਫ਼ਿਕ ਪੁਲਿਸ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ | ਉਧਰ ਦੂਜੇ ਪਾਸੇ ਇਸ ਮਸਲੇ ਬਾਰੇ ਗੱਲਬਾਤ ਕਰਨ 'ਤੇ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਸਮੱਸਿਆ ਦਾ ਜਲਦ ਹੱਲ ਕੱਢਣ ਲਈ ਕੋਸ਼ਿਸ਼ ਜਾਰੀ ਹੈ |
ਪਿਛਲੀ ਖ਼ਬਰ ਪੁਲਿਸ ਵਲੋਂ ਉਲੰਘਣਾ ਤਹਿਤ ਕੀਤੇ ਵੱਖ-ਵੱਖ ਵਾਹਨਾਂ ਦੇ ਚਲਾਨ ਅਗਲੀ ਖ਼ਬਰ ਪਿੰਡ ਸੋਹਾਣਾ ਦੇ ਦੀਪ ਨਗਰ ਵਿਖੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਲੋਕਾਂ 'ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।