ਪਿੰਡ ਸੋਹਾਣਾ ਦੇ ਦੀਪ ਨਗਰ ਵਿਖੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਲੋਕਾਂ 'ਚ ਰੋਸ
ਅਜੀਤ ਡੈਸਕ
15-07-2025
ਐੱਸ. ਏ. ਐੱਸ. ਨਗਰ, 14 ਜੁਲਾਈ (ਪ੍ਰੋ. ਅਵਤਾਰ ਸਿੰਘ)-ਪਿੰਡ ਸੋਹਾਣਾ ਦੇ ਦੀਪ ਨਗਰ ਵਿਖੇ ਪਿੱਛਲੇ ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਸਥਾਨਕ ਵਸਨੀਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਪਾਣੀ ਜੀਵਨ ਦੀ ਅਹਿਮ ਲੋੜ ਹੈ, ਪਰ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਉਨ੍ਹਾਂ ਨੂੰ ਰੋਜ਼ਮਰ੍ਹਾ ਦੀ ਜ਼ਰੂਰਤਾਂ ਪੂਰੀਆਂ ਕਰਨੀਆਂ ਵੀ ਔਖੀਆਂ ਹੋ ਗਈਆਂ ਹਨ | ਇਸ ਗੰਭੀਰ ਸਮੱਸਿਆ ਸੰਬੰਧੀ ਜਾਣਕਾਰੀ ਮਿਲਣ 'ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਦੀਪ ਨਗਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਸਥਾਨਕ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਪਾਣੀ ਸਪਲਾਈ ਠੱਪ ਹੋਣ ਦੀ ਵਜ੍ਹਾ ਜਾਣਨ ਲਈ ਅਧਿਕਾਰੀਆਂ ਨਾਲ ਤੁਰੰਤ ਫ਼ੋਨ 'ਤੇ ਸੰਪਰਕ ਕੀਤਾ ਅਤੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ | ਇਸ ਮੌਕੇ ਬੇਦੀ ਨੇ ਕਿਹਾ ਕਿ ਪਾਣੀ ਜੀਵਨ ਦੀ ਬੁਨਿਆਦੀ ਲੋੜ ਹੈ ਤੇ ਇਲਾਕਾ ਵਾਸੀਆਂ ਦੀ ਪ੍ਰੇਸ਼ਾਨੀ ਜਾਇਜ਼ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਅੱਜ ਹੀ ਇਹ ਮਾਮਲਾ ਚੈੱਕ ਕਰਕੇ ਹੱਲ ਕੀਤਾ ਜਾਵੇ | ਉਨ੍ਹਾਂ ਇਹ ਵੀ ਆਖਿਆ ਕਿ ਲੋਕ ਸੜਕਾਂ 'ਤੇ ਆਉਣ ਲਈ ਮਜ਼ਬੂਰ ਹੋ ਰਹੇ ਹਨ, ਜੋ ਕਿ ਕਿਸੇ ਵੀ ਹਾਲਤ ਵਿਚ ਠੀਕ ਨਹੀਂ | ਇਸ ਮੌਕੇ ਗੁਰਮੀਤ ਸਿੰਘ ਸਿਆਣ ਸੀਨੀਅਰ ਕਾਂਗਰਸੀ ਆਗੂ, ਲਖਵਿੰਦਰ ਸਿੰਘ ਕਾਲਾ ਪ੍ਰਧਾਨ, ਗੁਰਮੁੱਖ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ ਸੰਧੂ, ਸੰਦੀਪ ਸਿੰਘ ਸੋਨੀ, ਜਸਬੀਰ ਸਿੰਘ ਜੱਸੀ, ਗੁਰਮੀਤ ਕੌਰ, ਅਮਰਜੀਤ ਕੌਰ, ਰੁਪਿੰਦਰ ਕੌਰ, ਜਸਬੀਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਨਰਿੰਦਰ ਕੌਰ ਤੇ ਦਰਸ਼ਨ ਕੌਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |