ਮੋਰਿੰਡਾ, 14 ਜੁਲਾਈ (ਪਿ੍ਤਪਾਲ ਸਿੰਘ)-'ਸਰਬਜੀਤ ਸਿੰਘ ਦੁੱਮਣਾ ਦੀ ਕਿਤਾਬ 'ਮੇਰਾ ਰੰਗਲਾ ਪਿੰਡ ਦੁੱਮਣਾ' ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜਨ ਦਾ ਵਸੀਲਾ ਹੈ | ਚੰਗੀ ਗੱਲ ਹੈ ਕਿ ਅਸੀਂ ਕਿਤਾਬਾਂ ਨਾਲ ਆਪ ਜੁੜੀਏ ਅਤੇ ਆਪਣੇ ਬੱਚਿਆਂ ਨੂੰ ਵੀ ਜੋੜੀਏ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਲਵਿੰਦਰ ਸਿੰਘ ਕੰਗ (ਮੈਂਬਰ ਪਾਰਲੀਮੈਂਟ) ਨੇ ਕਿਤਾਬ ਦਾ 'ਘੁੰਡ ਚੁਕਾਈ ਸਮਾਰੋਹ' ਨੂੰ ਸੰਬੋਧਨ ਕਰਦਿਆਂ ਕੀਤਾ | ਸਮਾਗਮ ਦੀ ਪ੍ਰਧਾਨਗੀ ਡਾ. ਸਰਬਜੀਤ ਸਿੰਘ (ਮੁਖੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਕਰਦਿਆਂ ਕਿਤਾਬ ਦੇ ਵਿਸ਼ੇ ਵਸਤੂ ਦੀ ਗੱਲ ਨਾਲ ਜੋੜ ਕੇ ਸਮੁੱਚੀਆਂ ਪਿੰਡਾਂ ਬਾਬਤ ਲਿਖੀਆਂ ਕਿਤਾਬਾਂ ਦੀ ਗੱਲ ਛੋਹੀ ਅਤੇ ਕਿਹਾ ਕਿ ਵਧੀਆ ਗੱਲ ਹੈ ਕਿ ਸਰਬਜੀਤ ਨੇ ਆਪਣੀ ਪਲੇਠੀ ਕਿਤਾਬ ਆਪਣੇ ਪਿੰਡ ਬਾਬਤ ਲਿਖੀ ਹੈ | ਵਿਸ਼ੇਸ਼ ਮਹਿਮਾਨ ਕਰਨਲ ਗੁਰਮੀਤ ਸਿੰਘ ਨੇ ਕਿਹਾ ਕਿ ਮੈਨੂੰ ਵੀ ਬਹੁਤ ਕੁੱਝ ਅੱਜ ਦੇ ਸਮਾਗਮ ਵਿਚ ਨਵਾਂ ਸੁਣਨ ਨੂੰ ਮਿਲਿਆ ਹੈ ਅਤੇ ਸਾਰੇ ਪਿੰਡ ਵਾਸੀ ਜੁੜ ਬੈਠੇ ਹਨ | ਇਸ ਮੌਕੇ ਮਲਵਿੰਦਰ ਸਿੰਘ ਕੰਗ ਅਤੇ ਪ੍ਰਧਾਨਗੀ ਮੰਡਲ ਨੇ 'ਮੇਰਾ ਰੰਗਲਾ ਪਿੰਡ ਦੁੱਮਣਾ' ਕਿਤਾਬ ਦੀ ਘੁੰਡ ਚੁਕਾਈ ਕੀਤੀ | ਮੰਚ ਸੰਚਾਲਨ ਕਰਦਿਆਂ ਸਾਹਿਤਕਾਰ ਰਾਬਿੰਦਰ ਸਿੰਘ ਰੱਬੀ ਨੇ ਕਿਤਾਬ ਪਿੱਛੇ ਕੀਤੀ ਗਈ ਅਣਥੱਕ ਮਿਹਨਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਸਿਫ਼ਤ ਸਲਾਹੁਤਾ ਕੀਤੀ | ਸਰਬਜੀਤ ਸਿੰਘ ਦੁੱਮਣਾ ਨੇ ਆਪਣੇ ਅਨੁਭਵਾਂ ਨੂੰ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਇਕ ਕਿਤਾਬ ਸਾਨੂੰ ਕਿਸ ਤਰ੍ਹਾਂ ਆਪਣੀਆਂ ਜੜ੍ਹਾਂ ਨਾਲ਼ ਜੋੜ ਦਿੰਦੀ ਹੈ | ਪੱਤਰਕਾਰ ਅਤੇ ਸਾਹਿਤਕਾਰ ਜੈ ਸਿੰਘ ਛਿੱਬਰ ਨੇ ਕਿਤਾਬ ਦੀ ਪ੍ਰਮਾਣਿਕਤਾ ਅਤੇ ਜਾਣਕਾਰੀ ਭਰਪੂਰ ਹੋਣ ਦੀ ਗੱਲ ਕੀਤੀ | ਜਾਗੀਰ ਸਿੰਘ ਦੁੱਮਣਾ ਨੇ ਕਿਹਾ ਕਿ ਇਹ ਕਿਤਾਬ ਲਿਖ ਕੇ ਸਰਬਜੀਤ ਨੇ ਬਹੁਤ ਵੱਡੀ ਮੱਲ ਮਾਰੀ ਹੈ | ਇਸ ਮੌਕੇ ਪਿੰਡ ਵਾਸੀਆਂ ਵਲੋਂ ਸਰਬਜੀਤ ਸਿੰਘ ਦੁੱਮਣਾ ਅਤੇ ਰਾਬਿੰਦਰ ਸਿੰਘ ਰੱਬੀ ਦਾ ਸਨਮਾਨ ਵੀ ਕੀਤਾ ਗਿਆ | ਸਮਾਗਮ ਨੂੰ ਡਾ. ਰਾਜਿੰਦਰ ਸਿੰਘ ਕੁਰਾਲੀ, ਡਾ. ਜਲੌਰ ਸਿੰਘ ਖੀਵਾ, ਗੀਤਕਾਰ ਅਤੇ ਕਲਾਕਾਰ ਲਾਭ ਸਿੰਘ ਚਤਾਮਲੀ, ਸਾਹਿਤਕਾਰ ਸੁਰਜੀਤ ਸੁਮਨ, ਕਰਮਜੀਤ ਸਕੁਰੱਲਾਂਪੁਰੀ, ਮੁਖੀ ਸੋਨੀਆ ਬੇਰੀ, ਸੁਖਵਿੰਦਰ ਸਿੰਘ ਦੁੱਮਣਾ, ਤੇਜਿੰਦਰ ਸਿੰਘ ਬਾਜ਼, ਸੁਰਿੰਦਰ ਸਿੰਘ ਰਸੂਲਪੁਰ, ਜਸਬੀਰ ਸਿੰਘ ਸ਼ਾਂਤਪੁਰੀ, ਅਧਿਆਪਕ ਸਤਨਾਮ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਤੂਰ ਅਤੇ ਮੈਡਮ ਕਮਲਜੀਤ ਕੌਰ ਦੁੱਮਣਾ ਨੇ ਕਿਤਾਬ ਦੇ ਵੱਖ-ਵੱਖ ਪੱਖਾਂ ਦੀ ਗੱਲ ਕਰਦਿਆਂ ਕਿਤਾਬ ਦੀ ਪ੍ਰਸ਼ੰਸਾ ਕੀਤੀ | ਸਮਾਗਮ ਵਿਚ ਪਿ੍ੰ. ਬਾਵਾ ਸਿੰਘ ਲੱਧੜ, ਫਾਰਮੇਸੀ ਅਫ਼ਸਰ ਕਮਲਜੀਤ ਸਿੰਘ, ਮੁੱਖ ਅਧਿਆਪਕ ਜਗਦੀਪ ਸਿੰਘ, ਸੁਖਦੇਵ ਕੌਰ, ਸਾਬਕਾ ਮੁਖੀ ਰਾਜੇਸ਼ ਕੁਮਾਰ, ਹਰਜਿੰਦਰ ਸਿੰਘ ਓਇੰਦ, ਸੁਖਵਿੰਦਰ ਸਿੰਘ, ਗੁਰਮੇਜ ਭੱਟੀ, ਸਰਪੰਚ ਗੁਰਮੇਲ ਸਿੰਘ ਤੇ ਹੋਰ ਹਾਜ਼ਰ ਸਨ |