ਚੰਡੀਗੜ੍ਹ, 20 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ (ਯੂ.ਆਈ.ਪੀ.ਐਸ) ਦੇ ਪ੍ਰੋ. ਭੁਪਿੰਦਰ ਸਿੰਘ ਭੂਪ ਨੂੰ ਸਰਬਸੰਮਤੀ ਨਾਲ ਸਰਵਉੱਚ ਰਾਸ਼ਟਰੀ ਪੇਸ਼ੇਵਰ ਸੰਸਥਾ ਇੰਡੀਅਨ ਫਾਰਮਾਸਿਊਟੀਕਲ ਐਸੋਸੀਏਸ਼ਨ (ਆਈ.ਪੀ.ਏ) ਨੇ ਸਾਲ 2025 ਲਈ ਆਪਣੇ ਸਰਵਉੱਚ ਸਨਮਾਨ 'ਆਈ.ਪੀ.ਏ ਐਮੀਨੈਂਟ ਫਾਰਮਾਸਿਸਟ ਅਵਾਰਡ' ਲਈ ਚੁਣਿਆ ਗਿਆ ਹੈ | ਰਾਸ਼ਟਰੀ ਆਈ.ਪੀ.ਏ ਅਵਾਰਡ ਚੋਣ ਕਮੇਟੀ ਨੇ ਇਕ ਅਕਾਦਮਿਕ ਅਤੇ ਖੋਜਕਰਤਾ ਵਜੋਂ ਦੁਨੀਆ ਭਰ ਵਿਚ ਫਾਰਮੇਸੀ ਦੇ ਪੇਸ਼ੇ ਵਿਚ ਮਹੱਤਵਪੂਰਨ ਯੋਗਦਾਨ ਦੇ ਸਨਮਾਨ ਵਿਚ ਇਹ ਵਿਲੱਖਣ ਪੁਰਸਕਾਰ ਪ੍ਰਦਾਨ ਕੀਤਾ ਜਾਦਾ ਹੈ | ਆਈ.ਪੀ.ਏ ਦੇ ਰਾਸ਼ਟਰੀ ਜਨਰਲ ਸਕੱਤਰ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਇਹ ਪੁਰਸਕਾਰ 19 ਦਸੰਬਰ ਨੂੰ ਬੰਗਲੌਰ ਕਰਨਾਟਕ ਵਿਖੇ ਹੋਣ ਵਾਲੇ 74ਵੇਂ ਇੰਡੀਅਨ ਫਾਰਮਾਸਿਊਟੀਕਲ ਕਾਂਗਰਸ (ਆਈ.ਪੀ.ਸੀ, ਦੇਸ਼ ਭਰ ਦੇ ਫਾਰਮਾਸਿਊਟੀਕਲ ਪੇਸ਼ੇਵਰਾਂ ਦਾ ਸਭ ਤੋਂ ਵੱਡਾ ਰਾਸ਼ਟਰੀ ਸੰਮੇਲਨ) ਦੇ ਉਦਘਾਟਨ ਸਮਾਰੋਹ ਦੌਰਾਨ ਪੇਸ਼ ਕੀਤਾ ਜਾਵੇਗਾ | ਪੁਰਸਕਾਰ ਵਿਚ ਇਕ ਪੁਰਸਕਾਰ ਪ੍ਰਸ਼ੰਸਾ ਪੱਤਰ, ਇਕ ਯਾਦਗਾਰੀ ਚਿੰਨ੍ਹ, ਇਕ ਸ਼ਾਲ ਅਤੇ ਟੋਕਨ ਰਕਮ ਸ਼ਾਮਲ ਹੋਵੇਗਾ | ਪ੍ਰੋ. ਭੂਪ ਨੇ 450 ਤੋਂ ਵੱਧ ਪ੍ਰਕਾਸ਼ਨ ਹਨ, ਜਿਨ੍ਹਾਂ ਵਿਚ 16 ਕਿਤਾਬਾਂ, 10 ਪੇਟੈਂਟ (4 ਪ੍ਰਦਾਨ ਕੀਤੇ ਗਏ) ਅਤੇ ਫਾਰਮਾਸਿਊਟੀਕਲ ਉਦਯੋਗ ਨੂੰ ਤਿੰਨ ਨੈਨੋਟੈਕ-ਅਧਾਰਤ ਡਰੱਗ ਡਿਲੀਵਰੀ ਉਤਪਾਦਾਂ ਦੇ ਸਫਲ ਤਕਨਾਲੋਜੀ ਟਰਾਂਸਫਰ ਸ਼ਾਮਲ ਹਨ | ਪ੍ਰੋ. ਭੂਪ ਦੇ ਮਿਸਾਲੀ ਕੰਮ ਨੇ ਉਨ੍ਹਾਂ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਦਿੱਤੇ ਹਨ | ਉਨ੍ਹਾਂ ਦੇ ਵਿਲੱਖਣ ਅਕਾਦਮਿਕ ਯੋਗਦਾਨਾਂ ਨੂੰ ਮਾਨਤਾ ਦਿੰਦੇ ਹੋਏ ਭਾਰਤ ਦੇ ਤਤਕਾਲੀ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਉਨ੍ਹਾਂ ਨੂੰ 2011 ਵਿਚ ਪੰਜਾਬ ਯੂਨੀਵਰਸਿਟੀ ਸੈਨੇਟ ਲਈ ਨਾਮਜ਼ਦ ਕੀਤਾ ਸੀ | ਪ੍ਰੋ. ਭੂਪ ਇਸ ਸਮੇਂ ਆਈ.ਪੀ.ਏ ਪੰਜਾਬ ਸਟੇਟ ਬ੍ਰਾਂਚ (202426) ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ |