ਐੱਸ. ਏ. ਐੱਸ. ਨਗਰ, 20 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਦੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਮੁਹਾਲੀ ਵਲੋਂ ਇਨੋਵੇਸ਼ਨ ਲਿਮਟਿਡ ਦੇ ਸਹਿਯੋਗ ਨਾਲ 21 ਤੋਂ 29 ਨਵੰਬਰ (ਐਤਵਾਰ 23 ਨਵੰਬਰ ਨੂੰ ਛੱਡ ਕੇ) ਤੱਕ ਰੋਜ਼ਾਨਾ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ, ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਵੇਗਾ | ਇਸ ਸੰਬੰਧੀ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਦੱਸਿਆ ਕਿ 21 ਤੋਂ 29 ਨਵੰਬਰ ਤੱਕ ਰੋਜ਼ਾਨਾ ਪਲੇਸਮੈਂਟ ਕੈਂਪ ਇਨੋਵੇਸ਼ਨ ਲਿਮ. (ਐਸ. ਸੀ. ਓ. 660 ਦੂਜੀ ਮੰਜ਼ਿਲ ਸੈਕਟਰ-70 ਮੁਹਾਲੀ) ਵਿਖੇ ਲਗਾਇਆ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਦੌਰਾਨ ਇਨੋਵੇਸ਼ਨ ਲਿਮ. ਵਲੋਂ ਸਕਿਊਰਿਟੀ ਗਾਰਡ, ਜਨਰਲ ਕਲੀਨਰ, ਲੋਰਡਰ, ਐਵੀਏਸ਼ਨ ਕਲੀਨਰ ਤੇ ਵੀਅਰ ਹਾਊਸ ਵਰਕਰ ਆਦਿ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਦੀ ਤਨਖਾਹ ਕੰਪਨੀ ਅਨੁਸਾਰ 11 ਹਜ਼ਾਰ ਰੁ. ਤੋਂ ਲੈ ਕੇ 20 ਹਜ਼ਾਰ ਰੁ. ਦੇ ਵਿਚਕਾਰ ਹੋਵੇਗੀ ਅਤੇ ਉਨ੍ਹਾਂ ਦੇ ਕੰਮ ਕਰਨ ਦਾ ਸਥਾਨ ਦੁਬਈ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ 'ਚ ਕੇਵਲ ਉਹ ਲੜਕੇ-ਲੜਕੀਆਂ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ 22 ਤੋਂ ਲੈ ਕੇ 38 ਸਾਲ ਦੇ ਵਿਚਕਾਰ ਹੋਵੇਗੀ ਅਤੇ ਵਿੱਦਿਅਕ ਯੋਗਤਾ 10ਵੀਂ ਤੇ 12ਵੀਂ ਹੋਣ ਸਮੇਤ ਅੰਗਰੇਜ਼ੀ ਪੜ੍ਹਨਾ ਅਤੇ ਲਿਖਣਾ ਆਉਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਲਿੰਕ 'ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ 'ਚ ਭਾਗ ਲੈਣ ਮੌਕੇ ਉਮੀਦਵਾਰ ਆਪਣੀ ਯੋਗਤਾ ਦੇ ਅਸਲ ਸਰਟੀਫ਼ਿਕੇਟ, ਆਧਾਰ ਕਾਰਡ, ਪੈਨ ਕਾਰਡ ਤੇ ਰਿਜ਼ੀਊਮ ਨਾਲ ਲੈ ਕੇ ਆਉਣ ਨੂੰ ਯਕੀਨੀ ਬਣਾਉਣਗੇ |