22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਟੋਯੋਟਾ ਡੀਲਰਸ਼ਿਪ ਦੇ ਨਾਂਅ 'ਤੇ 54 ਲੱਖ ਦੀ ਆਨਲਾਈਨ ਠੱਗੀ <br/>

ਅਜੀਤ ਡੈਸਕ 21-11-2025
ਚੰਡੀਗੜ੍ਹ, 20 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਟੋਯੋਟਾ ਡੀਲਰਸ਼ਿਪ ਦਿਵਾਉਣ ਦਾ ਝਾਂਸਾ ਦੇ ਕੇ 54 ਲੱਖ ਤੋਂ ਵੱਧ ਰਕਮ ਹੜੱਪਣ ਦੇ ਮਾਮਲੇ 'ਚ ਚਾਰ ਮੈਂਬਰੀ ਗਰੋਹ ਦਾ ਪਰਦਾਫਾਸ਼ ਕਰਦਿਆਂ ਮਹਾਰਾਸ਼ਟਰ ਤੇ ਗੁਜਰਾਤ ਤੋਂ ਛਾਪੇਮਾਰੀ ਦੌਰਾਨ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਮਹਾਰਾਸ਼ਟਰ ਦੇ ਠਾਣੇ ਵਸਨੀਕ ਮੁਬਾਰਕ ਅਲੀ ਗਫ਼ਾਰ ਅਲੀ ਸ਼ਾਹ, ਅੰਕਿਤ ਸੁਰੇਂਦਰ ਝਾ, ਧਰਮੇਂਦਰ ਕੁਮਾਰ ਤੇ ਸੁਰਤ (ਗੁਜਰਾਤ) ਦੇ ਸੰਤੋਸ਼ ਕੁਮਾਰ ਯਾਦਵ ਵਜੋਂ ਹੋਈ ਹੈ | ਡੀ. ਐਸ. ਪੀ. ਏ. ਵੇਂਕਟੇਸ਼ ਦੀ ਦੇਖ-ਰੇਖ ਹੇਠ ਸਾਈਬਰ ਕ੍ਰਾਈਮ ਸੈੱਲ ਪੁਲਿਸ ਪਾਰਟੀ ਨੇ ਕਾਰਵਾਈ ਦੌਰਾਨ ਮੁਲਜ਼ਮਾਂ ਤੋਂ ਬੈਂਕ ਪਾਸ-ਬੁੱਕ, ਏ. ਟੀ. ਐਮ. ਕਾਰਡ, ਕਈ ਮੋਬਾਈਲ ਫੋਨ ਤੇ ਦਰਜਨਾਂ ਸਿਮ ਕਾਰਡ ਬਰਾਮਦ ਕੀਤੇ ਹਨ | ਸ਼ਿਕਾਇਤਕਰਤਾ ਮਨੀਸ਼ ਅਗਰਵਾਲ, ਜੋ ਚੰਡੀਗੜ੍ਹ 'ਚ ਸਟੀਲ ਦਾ ਵਪਾਰ ਕਰਦੇ ਹਨ, ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਟੋਯੋਟਾ ਡੀਲਰਸ਼ਿਪ ਲਈ ਅਰਜ਼ੀ ਦਿੱਤੀ ਸੀ | ਇਸ ਤੋਂ ਬਾਅਦ ਕੁਝ ਵਿਅਕਤੀਆਂ ਨੇ ਆਪਣੇ ਆਪ ਨੂੰ ਟੋਯੋਟਾ ਕਿਰਲੋਸਕਰ ਮੋਟਰਜ਼ ਦੇ ਅਧਿਕਾਰੀ ਵਜੋਂ ਦਰਸਾ ਕੇ ਉਨ੍ਹਾਂ ਨਾਲ ਸੰਪਰਕ ਕੀਤਾ | ਮੁਲਜ਼ਮਾਂ ਨੇ ਫ਼ਰਜ਼ੀ ਮੋਬਾਈਲ ਨੰਬਰ ਤੇ ਈਮੇਲ ਆਈ. ਡੀ. ਰਾਹੀਂ ਗੱਲਬਾਤ ਕੀਤੀ ਤੇ ਨਕਲੀ 'ਲੈਟਰ ਆਫ਼ ਇੰਟੈਂਟ' ਭੇਜ ਕੇ ਸ਼ਿਕਾਇਤਕਰਤਾ ਦਾ ਭਰੋਸਾ ਜਿੱਤਿਆ | ਇਸ ਤੋਂ ਬਾਅਦ ਉਨ੍ਹਾਂ ਨੂੰ ਦੋ ਵੱਖ–ਵੱਖ ਬੈਂਕ ਖਾਤਿਆਂ ਵਿਚ 54,16,790 ਭੇਜਣ ਲਈ ਕਿਹਾ ਗਿਆ | ਬਾਅਦ 'ਚ ਟੋਯੋਟਾ ਕੰਪਨੀ ਨੇ ਪੁਸ਼ਟੀ ਕੀਤੀ ਕਿ ਨਾ ਤਾਂ ਮੋਬਾਈਲ ਨੰਬਰ ਉਨ੍ਹਾਂ ਦਾ ਸੀ ਅਤੇ ਨਾ ਹੀ ਈਮੇਲ | ਬੈਂਕ ਕੇ. ਵਾਈ. ਸੀ. ਤੇ ਤਕਨੀਕੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਠੱਗੀ ਵਿਚ ਫ਼ਸਟ ਲੇਅਰ ਤੇ ਸੈਕੰਡ ਲੇਅਰ ਮਿਊਲ ਖਾਤੇ ਵਰਤੇ ਗਏ ਸਨ | ਮੁਲਜ਼ਮਾਂ ਨੇ ਫ਼ਰਜ਼ੀ ਪਛਾਣਾਂ ਬਣਾ ਕੇ ਵੱਖ–ਵੱਖ ਰਾਜਾਂ ਵਿਚ ਖਾਤੇ ਖੋਲ੍ਹੇ, ਜਿਨ੍ਹਾਂ ਰਾਹੀਂ ਠੱਗੀ ਦੀ ਰਕਮ ਦੀ ਉਗਰਾਹੀ ਤੇ ਨਿਕਾਸੀ ਕੀਤੀ ਗਈ | ਪੁਲਿਸ ਸੂਤਰਾਂ ਅਨੁਸਾਰ ਜਾਂਚ ਦੌਰਾਨ ਮਿਲੇ ਟਰਾਂਜ਼ੈਕਸ਼ਨ, ਦਸਤਾਵੇਜ਼ ਤੇ ਬੈਂਕ ਖਾਤਿਆਂ ਦੀ ਜਾਣਕਾਰੀ ਅਗਲੀ ਜਾਂਚ ਲਈ ਮਹੱਤਵਪੂਰਨ ਸਬੂਤ ਹਨ | ਸਾਈਬਰ ਸੈੱਲ ਹੁਣ ਮਨੀ–ਟਰੇਲ ਰਾਹੀਂ ਇਸ ਗਰੋਹ ਨਾਲ ਜੁੜੇ ਹੋਰ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ |

ਪਿਛਲੀ ਖ਼ਬਰ ਰਿਜ਼ਰਵ ਬੈਂਕ ਚੰਡੀਗੜ੍ਹ 'ਚ ਮੌਕ ਡਰਿੱਲ <br/> ਅਗਲੀ ਖ਼ਬਰ ਐਨ. ਸੀ. ਬੀ. ਵਲੋਂ ਕਰੋੜਾਂ ਰੁ. ਦੀਆਂ ਪਾਬੰਦੀਸ਼ੁਦਾ ਦਵਾਈਆਂ ਜ਼ਬਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।