ਜ਼ੀਰਕਪੁਰ, 20 ਨਵੰਬਰ (ਮਨਿੰਦਰ ਸਿੰਘ)-ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਦਵਾਈ ਟਰਾਮਾਡੋਲ ਦੀਆਂ 5 ਲੱਖ ਦੇ ਕਰੀਬ ਗੋਲੀਆਂ ਜ਼ਬਤ ਕੀਤੀਆਂ ਹਨ | ਇਸ ਬਾਬਤ ਜਾਣਕਾਰੀ ਦਿੰਦਿਆਂ ਐਨ. ਸੀ. ਬੀ. ਅਧਿਕਾਰੀ ਪਰਮਜੀਤ ਸਿੰਘ ਕੁੰਡੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ, ਜੋ ਕਿ ਦੇਹਰਾਦੂਨ ਤੋਂ ਅੰਮਿ੍ਤਸਰ ਜਾ ਰਿਹਾ ਹੈ, ਵਿਚ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈਆਂ ਲੋਡ ਹਨ | ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਬੀਤੀ ਦੇਰ ਰਾਤ ਐਨ. ਸੀ. ਬੀ. ਦੀ ਟੀਮ ਨੇ ਜ਼ੀਰਕਪੁਰ ਪੁਲਿਸ ਦੇ ਸਹਿਯੋਗ ਨਾਲ 200 ਫੁੱਟੀ ਰੋਡ 'ਤੇ ਪਹਿਲਵਾਨ ਢਾਬੇ ਨੇੜੇ ਨਾਕਾਬੰਦੀ ਕਰਕੇ ਟਰੱਕ ਨੂੰ ਜ਼ਬਤ ਕਰ ਲਿਆ ਅਤੇ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈ ਟਰਾਮਾਡੋਲ ਦੇ ਡੱਬੇ ਬਰਾਮਦ ਹੋਏ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਕਰੋੜਾਂ ਰੁ. ਬਣਦੀ ਹੈ | ਪਰਮਜੀਤ ਸਿੰਘ ਕੁੰਡੂ ਨੇ ਦੱਸਿਆ ਕਿ ਦੇਸ਼ ਭਰ 'ਚ ਅਜਿਹੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਕਰਨ ਵਾਲਾ ਇਕ ਵਿਸ਼ਾਲ ਨੈੱਟਵਰਕ ਸਰਗਰਮ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਗਰੋਹ ਦਾ ਨੈੱਟਵਰਕ ਕਈ ਰਾਜਾਂ ਵਿਚ ਫੈਲਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਐਨ. ਸੀ. ਬੀ. ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ |