ਖਰੜ, 18 ਜੁਲਾਈ (ਜੰਡਪੁਰੀ)-ਖਰੜ ਦੇ ਰਹਿਣ ਵਾਲੇ ਪੰਥਕ ਆਗੂ ਮਲਕੀਤ ਸਿੰਘ ਰਾਣਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਅਤੇ ਬਾਘਾ ਬਾਰਡਰ ਖੋਲਿ੍ਹਆ ਜਾਵੇ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ 'ਚ ਦਰਾੜ ਆਉਣ ਕਰਕੇ ਅਤੇ ਜੰਗੀ ਸਥਿਤੀ ਕਾਰਨ ਕਰਤਾਰਪੁਰ ਸਾਹਿਬ ਲਾਂਘਾ ਅਤੇ ਬਾਘਾ ਬਾਰਡਰ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਸਹੂਲਤ ਲਈ ਕਰਤਾਰਪੁਰ ਸਾਹਿਬ ਲਾਂਘਾ ਅਤੇ ਬਾਘਾ ਬਾਰਡਰ ਤੁਰੰਤ ਖੋਲਿ੍ਹਆ ਜਾਵੇ |