ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਪਿਛਲੀ ਕਾਂਗਰਸ ਸਰਕਾਰ ਸਮੇਂ ਨਗਰ ਕੌਂਸਲ ਖਰੜ ਦੀ ਹਦੂਦ 'ਚ ਸ਼ਾਮਿਲ ਕੀਤੇ ਗਏ ਪਿੰਡਾਂ ਦਾ ਮੌਜੂਦਾ 'ਆਪ' ਸਰਕਾਰ ਵਲੋਂ ਵਿਕਾਸ ਨਹੀਂ ਕਰਵਾਇਆ ਗਿਆ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਵਸਨੀਕਾਂ 'ਚ ਸਰਕਾਰ ਅਤੇ ਨਗਰ ਕੌਂਸਲ ਖਰੜ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਪਿੰਡ ਤੋਲੇਮਾਜਰਾ ਦੇ ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਨੇ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਕਾਂਗਰਸ ਸਰਕਾਰ ਨੇ ਪਿੰਡ ਤਿ੍ਪੜੀ, ਪੀਰ ਸੁਹਾਣਾ, ਤੋਲੇਮਾਜਰਾ, ਭੁੱਖੜੀ, ਰਡਿਆਲਾ, ਦਾਊਾਮਾਜਰਾ ਆਦਿ ਨੂੰ ਨਗਰ ਕੌਂਸਲ ਦੀ ਹਦੂਦ 'ਚ ਸ਼ਾਮਿਲ ਕਰ ਲਿਆ ਸੀ ਤਾਂ 'ਆਪ' ਸਰਕਾਰ ਨੂੰ ਛੱਡੋ ਨਗਰ ਕੌਂਸਲ ਖਰੜ ਵਲੋਂ ਵੀ ਇਨ੍ਹਾਂ ਪਿੰਡਾਂ ਦੀ ਸਾਫ਼-ਸਫ਼ਾਈ, ਗੰਦੇ ਪਾਣੀ ਦੀ ਨਿਕਾਸੀ, ਨਿਕਾਸੀ ਨਾਲਿਆਂ ਦੀ ਸਫ਼ਾਈ ਤੇ ਵਿਕਾਸ ਕਾਰਜਾਂ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ | ਇਸੇ ਦੌਰਾਨ ਪਿੰਡ ਤਿ੍ਪੜੀ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਤਿ੍ਪੜੀ ਨੇ ਕਿਹਾ ਕਿ ਜਦੋਂ ਇਹ ਪਿੰਡ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਨਗਰ ਕੌਂਸਲ ਖਰੜ ਦੀ ਹੱਦ ਵਿਚ ਸ਼ਾਮਿਲ ਹੋ ਚੁੱਕੇ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਪਹਿਲ ਦੇ ਆਧਾਰ 'ਤੇ ਇਨ੍ਹਾਂ ਪਿੰਡਾਂ ਦਾ ਵਿਕਾਸ ਕਰਵਾਏ | ਉਕਤ ਦੋਵਾਂ ਆਗੂਆਂ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪਿੰਡਾਂ ਦਾ ਚੱਕਰ ਲਗਾ ਕੇ ਦੇਖਣ ਤਾਂ ਉਨ੍ਹਾਂ ਨੂੰ ਸਾਰੀ ਸਥਿਤੀ ਸਾਫ਼ ਹੋ ਜਾਵੇਗੀ |