ਐੱਸ. ਏ. ਐੱਸ. ਨਗਰ, 18 ਜੁਲਾਈ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਮੌਨਸੂਨ ਦੇ ਮੌਸਮ ਦੌਰਾਨ ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਬਿਮਾਰੀਆਂ ਦੇ ਫੈਲਾਅ ਤੋਂ ਬਚਾਅ ਲਈ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਮੁਹਾਲੀ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ 'ਚ ਖਾਲੀ ਪਲਾਟਾਂ 'ਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਰਵਾਈ ਸ਼ੁਰੂ ਕਰ ਦਿੱਤੀ ਹੈ | ਪਹਿਲੇ ਪੜਾਅ 'ਚ ਪਛਾਣੇ ਗਏ 689 ਪਲਾਟ ਮਾਲਕਾਂ 'ਚੋਂ 367 ਨੂੰ ਉਲੰਘਣਾ ਦੇ ਨੋਟਿਸ ਜਾਰੀ ਕੀਤੇ ਗਏ ਹਨ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬੀਤੀ 26 ਜੂਨ ਦੇ ਮਨਾਹੀ ਵਾਲੇ ਹੁਕਮ ਦੇ ਤਹਿਤ ਸਾਰੇ ਖਾਲੀ ਪਲਾਟ ਮਾਲਕਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਬਿਮਾਰੀਆਂ ਦੇ ਫੈਲਣ ਦੇ ਜ਼ੋਖ਼ਮ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਖਾਲੀ ਥਾਵਾਂ ਤੋਂ ਕੂੜਾ ਅਤੇ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ | ਹੁਕਮਾਂ 'ਚ ਗ਼ੈਰਕਾਨੂੰਨੀ ਡੰਪਿੰਗ ਨੂੰ ਰੋਕਣ ਲਈ ਚਾਰਦੀਵਾਰੀ ਜਾਂ ਵਾੜ ਬਣਾਉਣ ਦੇ ਆਦੇਸ਼ ਵੀ ਦਿੱਤੇ ਗਏ ਸਨ | ਡੇਰਾਬੱਸੀ, ਜ਼ੀਰਕਪੁਰ, ਖਰੜ, ਬਨੰੂੜ, ਲਾਲੜੂ, ਕੁਰਾਲੀ, ਘੜੂੰਆਂ ਅਤੇ ਨਵਾਂਗਰਾਓਾ 'ਚ ਸਥਾਨਕ ਸੰਸਥਾਵਾਂ ਨੇ ਹੁਣ ਤੱਕ 367 ਨੋਟਿਸ ਜਾਰੀ ਕੀਤੇ ਹਨ | ਡੇਰਾਬੱਸੀ 'ਚ ਨਗਰ ਕੌਂਸਲ ਵਲੋਂ 1 ਹੀ ਉਲੰਘਣਾ ਕਰਨ ਵਾਲੇ 'ਤੇ ਸਫ਼ਾਈ ਕਰਵਾਉਣ ਦਾ ਵੱਡਾ ਜੁਰਮਾਨਾ 37,000 ਰੁ. ਲਗਾਇਆ ਗਿਆ ਹੈ, ਜਦਕਿ 81 ਹੋਰ ਚਲਾਨਾਂ ਦੇ ਨਤੀਜੇ ਵਜੋਂ ਕੁੱਲ 49,000 ਰੁ. ਦਾ ਜੁਰਮਾਨਾ ਲਗਾਇਆ ਗਿਆ ਹੈ | ਇਸੇ ਦੌਰਾਨ ਨਗਰ ਕੌਂਸਲਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਗਮਾਡਾ ਅਤੇ ਨਗਰ ਨਿਗਮ ਮੁਹਾਲੀ ਨੂੰ ਵੀ ਗੰਦਗੀ ਦੀ ਬਦਬੂ ਨੂੰ ਖ਼ਤਮ ਕਰਨ ਅਤੇ ਜਨਤਾ ਲਈ ਸਿਹਤ ਜ਼ੋਖ਼ਮਾਂ ਨੂੰ ਘਟਾਉਣ ਲਈ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਭੁਗਤਾਨ ਨਾ ਕਰਨ 'ਤੇ ਜ਼ਮੀਨੀ ਰਿਕਾਰਡ 'ਚ ਲਾਲ ਐਂਟਰੀ ਦਰਜ ਹੋਵੇਗੀ ਅਤੇ ਉਪਰੋਕਤ ਦੱਸੇ ਗਏ ਕਾਨੂੰਨਾਂ ਤਹਿਤ ਪੁਲਿਸ ਦਖ਼ਲਅੰਦਾਜ਼ੀ ਸਮੇਤ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |