ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਚੰਡੀਗੜ੍ਹ ਨੰਬਰਦਾਰ ਯੂਨੀਅਨ ਯੂ.ਟੀ. ਚੰਡੀਗੜ੍ਹ ਪ੍ਰਧਾਨ ਅਤੇ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰ ਸ਼ਾਸਤ ਪ੍ਰਦੇਸ, ਚੰਡੀਗੜ੍ਹ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਸਾਲ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਵੱਡੇ ਪੱਧਰ 'ਤੇ ਮਨਾਉਣ ਦਾ ਉਪਰਾਲਾ ਕੀਤਾ ਜਾਵੇ ਅਤੇ ਇਸ ਮੌਕੇ ਗੁਰੂ ਸਾਹਿਬਾਨ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ 'ਹਿੰਦ ਦੀ ਚਾਦਰ-ਟੀਚਰਜ਼ ਹੋਮ' ਦੀ ਸ਼ਾਨਦਾਰ ਸਥਾਪਨਾ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ 'ਹਿੰਦ ਦੀ ਚਾਦਰ-ਟੀਚਰਜ਼ ਹੋਮ' ਦੀ ਸਥਾਪਨਾ ਨਵੰਬਰ 2025 ਤੋਂ ਪਹਿਲਾਂ ਪਹਿਲਾਂ ਕੀਤੀ ਜਾਵੇ | ਇਸ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਯੂ.ਟੀ. ਵਿਖੇ ਟੀਚਰਜ਼-ਹੋਮ ਦੀ ਮੰਗ ਪਿਛਲੇ 40 ਸਾਲਾਂ ਤੋਂ ਲਟਕਦੀ ਆ ਰਹੀ ਹੈ, ਕਿਉਂਕਿ ਪ੍ਰਸ਼ਾਸਨ ਇਸ ਨੂੰ ਪੂਰੀ ਕਰਨ ਵਿਚ ਅੱਜ ਤੱਕ ਅਵੇਸਲਾ ਹੀ ਰਿਹਾ ਹੈ | ਹੁਣ ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਏ ਜਾਣ ਦਾ ਸਾਨੂੰ ਉਚਿੱਤ ਸਮਾਂ ਮਿਲ਼ ਰਿਹਾ ਹੈ, ਤਾਂ ਪ੍ਰਸ਼ਾਸਨ ਇਸ ਮੰਗ ਨੂੰ ਵਧੀਆ ਰੂਪ ਦੇ ਕੇ ਯਾਦਗਾਰੀ ਬਣਾਉਣ ਦਾ ਉਪਰਾਲਾ ਕਰ ਸਕਦਾ ਹੈ |