ਚੰਡੀਗੜ, 17 ਜੁਲਾਈ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-49 ਦੇ ਰਹਿਣ ਵਾਲੇ ਇਕ ਵਿਦਿਆਰਥੀ 'ਤੇ ਕੁਝ ਨੌਜਵਾਨਾਂ ਵਲੋਂ ਤੇਜ਼ਧਾਰ ਚਾਕੂਆਂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਇਹ ਘਟਨਾ ਸੈਕਟਰ-49 ਸਥਿਤ ਵਿਕਟੋਰੀਆ ਇਨਕਲੇਵ ਕੋਲ ਵਾਪਰੀ ਹੈ ਜਦੋਂ ਵੀਰਵਾਰ ਨੂੰ ਸ਼ਿਵਮ ਸਿੰਘ (16) ਸਕੂਲ ਤੋਂ ਵਾਪਸ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਅਚਾਨਕ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਚਾਕੂ ਨਾਲ ਕਈ ਵਾਰ ਕੀਤੇ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਇਸ ਘਟਨਾ ਉਪਰੰਤ ਜਦੋਂ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਚਾਕੂ ਲੱਗਣ ਨਾਲ ਉਸ ਦੇ ਸ਼ਰੀਰ ਅੰਦਰ ਤੋਂ ਆਂਤੜੀ ਬਾਹਰ ਆ ਗਈ ਸੀ | ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਹਮਲਾਵਰ ਉਸ ਦਾ ਕਾਫੀ ਸਮੇਂ ਤੋਂ ਪਿੱਛਾ ਕਰਦੇ ਆ ਰਹੇ ਸੀ ਅਤੇ ਜਦੋਂ ਜਿਵੇਂ ਹੀ ਉਨਾਂ ਨੂੰ ਮੌਕਾ ਮਿਲਿਆ ਉਨ੍ਹਾਂ ਨੇ ਹਮਲਾ ਕਰ ਦਿੱਤਾ | ਚੰਡੀਗੜ੍ਹ ਪੁਲਿਸ ਨੇ ਇਸ ਸੰਬੰਧੀ ਇਰਾਦਾ ਕਤਲ ਦੇ ਦੋਸ਼ ਤਹਿਤ ਐਫ. ਆਈ. ਆਰ ਦਰਜ ਕਰ ਲਈ ਹੈ | ਉਕਤ ਨਾਬਾਲਗ ਦੇ ਪਿਤਾ ਨੇ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗਿ੍ਫ਼ਤਰ ਕਰੇ |