ਲਾਲੜੂ, 15 ਜੁਲਾਈ (ਰਾਜਬੀਰ ਸਿੰਘ)-ਗੈਸ ਅਥਾਰਟੀ ਆਫ਼ ਇੰਡੀਆ ਲਿਮ. (ਜੀ. ਏ. ਆਈ. ਐਲ.), ਚੰਡੀਗੜ੍ਹ ਜੋਨਲ ਆਫ਼ਿਸ, ਜਵਾਲਾ ਬਾਇਓ ਐਨਰਜੀ ਅਤੇ ਆਰ. ਜੀ. ਆਰ. ਸੈੱਲ (ਟਾਟਾ ਟਰੱਸਟਸ ਨਾਲ ਸੰਬੰਧਤ ਐਨ. ਜੀ. ਓ.) ਵਲੋਂ ਮਿਲ ਕੇ ਸਰਕਾਰੀ ਸਮਾਰਟ ਹਾਈ ਸਕੂਲ ਪਿੰਡ ਜੌਲਾ ਕਲਾਂ ਵਿਖੇ 'ਸਵੱਛਤਾ ਪੰਦ੍ਹਰਵਾੜੇ-2025' ਤਹਿਤ ਇਕ ਸੀ. ਐਸ. ਆਰ. ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਅਕਾਸ਼ ਭਵਨ ਜੋਨਲ ਆਫ਼ਿਸ ਇੰਚਾਰਜ ਜੀ. ਏ. ਆਈ. ਐਲ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਉਕਤ ਕੰਪਨੀ ਦੇ ਜਨਰਲ ਮੈਨੇਜਰ ਸੰਜੇ ਅਰੋੜਾ ਅਤੇ ਸੀਨੀਅਰ ਅਧਿਕਾਰੀ ਸ਼ਸ਼ਾਂਕ ਸ਼ੇਖਰ ਵੀ ਹਾਜ਼ਰ ਸਨ | ਪ੍ਰੋਗਰਾਮ 'ਚ ਜਵਾਲਾ ਬਾਇਓ ਐਨਰਜੀ ਵਲੋਂ ਅਸ਼ੋਕ ਬੈਂਜਾਮਿਨ, ਸੁਬੋਧ ਰਾਓ ਅਤੇ ਦਰਸ਼ਪ੍ਰੀਤ ਸਿੰਘ ਅਤੇ ਆਰ. ਜੀ. ਆਰ. ਤੋਂ ਬਲਵਿੰਦਰ ਸਿੰਘ ਸੈਣੀ, ਗੁਰਪ੍ਰੀਤ ਵਾਲੀਆ, ਆਸ਼ੂ ਸੈਣੀ, ਹਰਦੀਪ ਸਿੰਘ, ਪਰਵਿੰਦਰ ਸਿੰਘ, ਜੈ ਸਿੰਘ, ਤਲਵਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਆਦਿ ਨੇ ਵੀ ਹਾਜ਼ਰੀ ਲੁਆਈ | ਇਸ ਮੌਕੇ ਦਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਸੀ. ਬੀ. ਜੀ. ਕਲੀਨ ਮੋਬਿਲਟੀ ਅਵੇਰਨੈੱਸ ਥੀਮ ਤਹਿਤ ਕਰਵਾਏ ਗਏ ਇਸ ਪ੍ਰੋਗਰਾਮ 'ਚ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਕੰਪਰੈਸਡ ਬਾਇਓਗੈਸ ਦੀ ਭਵਿੱਖ 'ਚ ਭੂਮਿਕਾ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਅਕਾਸ਼ ਭਵਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਜੀ. ਏ. ਆਈ. ਐਲ. ਇੰਡੀਆ ਦੇਸ਼ 'ਚ 16 ਹਜ਼ਾਰ ਕਿੱਲੋਮੀਟਰ ਤੋਂ ਵੱਧ ਲੰਬੀ ਗੈਸ ਪਾਈਪ ਲਾਈਨ ਵਿਛਾ ਚੁੱਕੀ ਹੈ ਅਤੇ ਪਿੰਡ ਜੌਲਾ ਕਲਾਂ ਵਰਗੇ ਬਹੁਤ ਸਾਰੇ ਪਛੜੇ ਪਿੰਡ ਭਾਰਤ ਦੇ ਸਾਫ਼ ਊਰਜਾ ਭਵਿੱਖ ਦਾ ਕੇਂਦਰ ਬਣਨ ਵਾਲੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਹਰ ਸਾਲ 40 ਹਜ਼ਾਰ ਟਨ ਐਗਰੀਕਲਚਰਲ ਵੇਸਟ (ਪਰਾਲੀ, ਗੋਬਰ, ਚਿਕਨ ਕੂੜਾ) ਤੋਂ ਗੈਸ ਬਣਾਏਗੀ | ਉਨ੍ਹਾਂ ਦੱਸਿਆ ਕਿ ਇਸ ਪਲਾਂਟ ਨੂੰ ਗਾਂ ਦੇ ਪੇਟ ਵਾਂਗ ਸਮਝੋ, ਜਿਥੇ ਕਿ ਭੋਜਨ ਹਜ਼ਮ ਹੁੰਦਾ ਹੈ ਅਤੇ ਗੈਸ ਬਣਦੀ ਹੈ | ਉਨ੍ਹਾਂ ਦੱਸਿਆ ਕਿ ਆਰ. ਜੀ. ਆਰ. ਸੈੱਲ 10 ਨੇੜਲੇ ਪਿੰਡਾਂ 'ਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨਾਲ ਰਾਬਤਾ ਕਰਕੇ ਖੇਤੀ ਦੇ ਉੱਨਤ ਤਰੀਕਿਆਂ ਨੂੰ ਉਤਸ਼ਾਹਿਤ ਕਰੇਗੀ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਿਚਕਾਰ ਸਵੱਛਤਾ ਤੇ ਸਾਫ਼ ਊਰਜਾ ਵਿਸ਼ੇ 'ਤੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਸਕੂਲ ਪਿ੍ੰ. ਨੂਪੁਰ ਗੁਪਤਾ ਨੇ ਧੰਨਵਾਦ ਪ੍ਰਗਟ ਕਰਦਿਆਂ ਜੀ. ਏ. ਆਈ. ਐਲ ਅਤੇ ਜਵਾਲਾ ਬਾਇਓ ਐਨਰਜੀ ਦੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਲਈ ਭਵਿੱਖ 'ਚ ਕੈਰੀਅਰ ਕਾਊਾਸਲਿੰਗ ਅਤੇ ਸਿੱਖਿਆਵਾਂ ਦੀਆਂ ਵੱਖ-ਵੱਖ ਵਰਕਸ਼ਾਪਾਂ ਕਰਵਾਉਣ ਲਈ ਸੱਦਾ ਦਿੱਤਾ | ਇਸ ਮੌਕੇ ਪਿੰਡ ਦੇ ਸਰਪੰਚ, ਪੰਚ ਅਤੇ ਪਤਵੰਤੇ ਵੀ ਹਾਜ਼ਰ ਸਨ |