ਲੁਧਿਆਣਾ, 20 ਨਵੰਬਰ (ਡਾ. ਤਰਲੋਚਨ ਸਿੰਘ)-ਨੈਸ਼ਨਲ ਇੰਟੀਗਰੇਟਿਡ ਮੈਡੀਕਲ ਐਸੋਸੀਏਸ਼ਨ ਅਤੇ ਨੀਮਾ ਵੁਮੈਨ ਫੋਰਮ ਲੁਧਿਆਣਾ ਵਲੋਂ ਇਕ ਸੈਮੀਨਾਰ ਕਰਵਾਇਆ, ਜਿਸ ਵਿਚ ਛਾਤੀ ਰੋਗਾਂ ਦੇ ਮਾਹਿਰ ਡਾ. ਕੀਰਤ ਸੀਬੀਆ ਮੁੱਖ ਬੁਲਾਰੇ ਵਜੋਂ ਅਤੇ ਡਾ. ਨਿਖਿਲ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਨੀਮਾ ਦੇ ਪ੍ਰਧਾਨ ਡਾ. ਰਾਜੇਸ਼ ਥਾਪਰ, ਡਾ. ਨੀਰਜ ਅਗਰਵਾਲ ਅਤੇ ਡਾ. ਆਰ.ਕੇ. ਗਰਗ ਦੇ ਅਨੁਸਾਰ ਸੈਮੀਨਾਰ ਵਿਚ ਪਲਮੋਨੋਲੋਜੀ ਮਾਮਲਿਆਂ ਬਾਰੇ ਚਰਚਾ ਕੀਤੀ ਗਈ | ਨੀਮਾ ਵੁਮੈਨ ਫੋਰਮ ਦੀ ਪ੍ਰਧਾਨ ਡਾ. ਊਸ਼ਾ ਕਿਰਨ ਥਾਪਰ, ਡਾ. ਬਬੀਤਾ ਅਗਰਵਾਲ, ਡਾ. ਕਿ੍ਤਿਕਾ, ਡਾ. ਸੰਗੀਤਾ ਗੁਪਤਾ ਅਤੇ ਡਾ. ਗੁੰਜਨ ਦੇ ਅਨੁਸਾਰ ਗੁੰਝਲਦਾਰ ਫੇਫੜਿਆਂ ਦੀਆਂ ਬਿਮਾਰੀਆਂ, ਜੋ ਅਕਸਰ ਸਾਦੀਆਂ ਦਿਖਾਈ ਦਿੰਦੀਆਂ ਹਨ, ਪਰ ਉਨ੍ਹਾਂ ਦਾ ਇਲਾਜ ਕਰਨਾ ਅਕਸਰ ਮੁਸ਼ਕਿਲ ਹੁੰਦਾ ਹੈ | ਇਸ ਮੌਕੇ ਡਾ. ਕੀਰਤ ਸੀਬੀਆ ਨੇ ਕਿਹਾ ਕਿ ਲਗਾਤਾਰ ਖੰਘ ਜਾਂ ਛਾਤੀ ਦੀ ਕਿਸੇ ਵੀ ਸਮੱਸਿਆ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ | ਲੰਮੀ ਖੰਘ ਵਾਲੇ ਮਰੀਜ਼ਾਂ ਨੂੰ ਦਿਲ ਦੀਆਂ ਬਿਮਾਰੀਆਂ, ਸ਼ੂਗਰ ਦੀਆਂ ਬਿਮਾਰੀਆਂ, ਕੈਂਸਰ ਅਤੇ ਇੱਥੋਂ ਤੱਕ ਕਿ ਵਾਤਾਵਰਨ ਨਾਲ ਸਬੰਧਿਤ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ | ਡਾ. ਸੀਬੀਆ ਨੇ ਸਮਝਾਇਆ ਕਿ ਸਮੇਂ ਸਿਰ ਅਤੇ ਸਹੀ ਨਿਦਾਨ, ਉੱਨਤ ਨਿਦਾਨ ਤਕਨੀਕਾਂ ਅਤੇ ਅਜ਼ਮਾਇਆ ਇਲਾਜ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਵਿਚ ਕਾਫ਼ੀ ਸੁਧਾਰ ਕਰ ਸਕਦੇ ਹਨ | ਬਦਲਦੇ ਮੌਸਮ, ਉੱਚ ਪ੍ਰਦੂਸ਼ਣ ਪੱਧਰ ਅਤੇ ਜੀਵਨ ਸ਼ੈਲੀ ਦੀਆਂ ਚੁਨੌਤੀਆਂ ਉੱਤਰੀ ਭਾਰਤ ਵਿਚ ਛਾਤੀ ਅਤੇ ਸਾਹ ਦੀਆਂ ਸਮੱਸਿਆਵਾਂ ਦੇ ਮਾਮਲੇ ਵਿਚ ਕਾਫ਼ੀ ਵਾਧਾ ਕਰ ਰਹੀਆਂ ਹਨ | ਇਕ ਸਾਧਾਰਨ ਖੰਘ ਨਿਮੋਨੀਆ ਜਾਂ ਫੇਫੜਿਆਂ ਦੀ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦੀ ਹੈ | ਸਮੇਂ ਸਿਰ ਨਿਦਾਨ ਅਤੇ ਇਲਾਜ ਸਭ ਤੋਂ ਵਧੀਆ ਰੋਕਥਾਮ ਹੈ | ਡਾ. ਕੀਰਤ ਨੇ ਸਲਾਹ ਦਿੱਤੀ ਕਿ ਜੇਕਰ ਖੰਘ, ਛਾਤੀ ਵਿਚ ਦਰਦ ਜਾਂ ਸਾਹ ਲੈਣ ਵਿਚ ਤਕਲੀਫ਼ ਦੋ ਹਫ਼ਤਿਆਂ ਤੋਂ ਜ਼ਿਆਦਾ ਤੱਕ ਰਹਿੰਦੀ ਹੈ, ਸਾਹ ਲੈਣ ਦੀ ਮੁਸ਼ਕਿਲ ਆਉਂਦੀ ਹੈ ਜਾਂ ਛਾਤੀ ਵਿਚ ਦਰਦ ਹੈ, ਜੋ ਆਰਾਮ ਕਰਨ ਤੋਂ ਬਾਅਦ ਵੀ ਦੂਰ ਨਹੀਂ ਹੁੰਦਾ, ਜੇਕਰ ਬਲਗਮ ਵਿਚ ਖ਼ੂਨ, ਤੇਜ਼ ਬੁਖਾਰ ਦੇ ਨਾਲ ਸਾਹ ਲੈਣ ਵਿਚ ਤਕਲੀਫ਼ ਜਾਂ ਛਾਤੀ ਵਿਚ ਦਰਦ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ | ਉਨ੍ਹਾਂ ਕਿਹਾ ਕਿ ਫਲੂ ਅਤੇ ਨਿਮੋਨੀਆ ਦੇ ਟੀਕੇ ਲਗਾਉਣਾ ਖਾਸ ਤੌਰ 'ਤੇ ਬਜ਼ੁਰਗਾਂ ਅਤੇ ਪੁਰਾਣੀਆਂ ਬਿਮਾਰੀਆਂ ਵਾਲੇ ਲੋਕਾਂ ਲਈ ਮਹੱਤਵਪੂਰਨ ਹਨ | ਨੀਮਾ ਦੇ ਪ੍ਰਧਾਨ ਡਾ. ਰਾਜੇਸ਼ ਥਾਪਰ, ਡਾ. ਸਰਜੀਵਨ ਸ਼ਰਮਾ, ਡਾ. ਹਰਸ਼, ਡਾ. ਸ਼ੁਭਮ ਅਤੇ ਡਾ. ਰਮਨ ਸ਼ਰਮਾ ਨੇ ਸੁਝਾਅ ਦਿੱਤਾ ਕਿ ਉੱਤਰੀ ਭਾਰਤ ਦੇ ਕਠੋਰ ਮੌਸਮ ਵਿਚ ਰੋਕਥਾਮ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਨੀਮਾ ਦੇ ਮੈਂਬਰ ਹਾਜ਼ਰ ਸਨ |