ਡੇਰਾਬੱਸੀ (ਮੁਹਾਲੀ), 13 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਸ੍ਰੀ ਰਾਮਲੀਲ੍ਹਾ ਦੁਸਹਿਰਾ ਕਮੇਟੀ ਡੇਰਾਬੱਸੀ ਦੇ ਪ੍ਰਧਾਨ ਅਤੇ ਪਿਛਲੇ ਕਰੀਬ 30 ਸਾਲਾਂ ਤੋਂ ਰਾਮਲੀਲਾ ਵਿਚ ਭਗਵਾਨ ਸ੍ਰੀ ਰਾਮ ਦੀ ਭੂਮਿਕਾ ਨਿਭਾਉਂਦੇ ਆ ਰਹੇ ਵਰਿੰਦਰ ਸ਼ਰਮਾ ਉਰਫ਼ ਟੀਟਾ ਦੇ ਇਕਲੌਤੇ ਪੁੱਤਰ ਨਿਖਿਲ ਸ਼ਰਮਾ (26) ਦਾ ਅਚਾਨਕ ਦਿਹਾਂਤ ਹੋ ਜਾਣ ਕਾਰਨ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਵਾਨ ਪੁੱਤਰ ਦੇ ਬੇਵਕਤੀ ਵਿਛੋੜੇ ਨਾਲ ਜਿੱਥੇ ਮਾਪਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਇਕ ਭੈਣ ਤੋਂ ਉਸ ਦਾ ਇਕਲੌਤਾ ਭਰਾ ਹਮੇਸ਼ਾ ਲਈ ਵਿਛੜ ਗਿਆ। ਇਸ ਦੁਖਦਾਈ ਘਟਨਾ ਕਾਰਨ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਖਿਲ ਸ਼ਰਮਾ ਨਗਰ ਕੌਂਸਲ ਡੇਰਾਬੱਸੀ ਵਿਖੇ ਟਿਊਬਵੈੱਲ ਆਪ੍ਰੇਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ। ਦੁੱਖ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਦੀ ਹੋਣ ਵਾਲੀ ਮੀਟਿੰਗ ਦੇ ਏਜੰਡੇ ਵਿਚ ਉਸ ਦਾ ਨਾਂਅ ਨੌਕਰੀ ਪੱਕੀ ਕਰਨ ਸੰਬੰਧੀ ਵਿਚਾਰ ਲਈ ਸ਼ਾਮਿਲ ਕੀਤਾ ਗਿਆ ਸੀ। ਨਿਖਿਲ ਦੇ ਭਵਿੱਖ ਨੂੰ ਲੈ ਕੇ ਪਰਿਵਾਰ ਦੀਆਂ ਕਈ ਉਮੀਦਾਂ ਜੁੜੀਆਂ ਹੋਈਆਂ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਨੌਕਰੀ ਪੱਕੀ ਹੋਣ ਸੰਬੰਧੀ ਫ਼ੈਸਲੇ ਤੋਂ ਪਹਿਲਾਂ ਹੀ ਉਸ ਦੇ ਅਚਾਨਕ ਦਿਹਾਂਤ ਨੇ ਪਰਿਵਾਰ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਵਰਿੰਦਰ ਸ਼ਰਮਾ ਟੀਟਾ ਪਿਛਲੇ ਤਿੰਨ ਦਹਾਕਿਆਂ ਤੋਂ ਡੇਰਾਬੱਸੀ ਦੀ ਰਾਮਲੀਲ੍ਹਾ ਵਿਚ ਭਗਵਾਨ ਸ੍ਰੀ ਰਾਮ ਦਾ ਕਿਰਦਾਰ ਨਿਭਾਉਂਦੇ ਆ ਰਹੇ ਹਨ ਅਤੇ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਇਕਲੌਤੇ ਜਵਾਨ ਪੁੱਤਰ ਦੇ ਅਚਾਨਕ ਵਿਛੋੜੇ ਦੀ ਖ਼ਬਰ ਮਿਲਦਿਆਂ ਹੀ ਧਾਰਮਿਕ, ਸਮਾਜਿਕ ਅਤੇ ਸ਼ਹਿਰ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਵਿਅਕਤੀਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਨਿਖਿਲ ਸ਼ਰਮਾ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਰਾਮਬਾਗ ਸ਼ਮਸ਼ਾਨਘਾਟ, ਡੇਰਾਬੱਸੀ ਵਿਖੇ ਕੀਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਸ੍ਰੀ ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਵਰਿੰਦਰ ਸ਼ਰਮਾ ਟੀਟਾ ਦੇ 26 ਸਾਲਾ ਇਕਲੌਤੇ ਪੁੱਤਰ ਦਾ ਅਚਾਨਕ ਦਿਹਾਂਤ, ਡੇਰਾਬੱਸੀ ’ਚ ਸੋਗ ਦੀ ਲਹਿਰ
ਡੇਰਾਬੱਸੀ (ਮੁਹਾਲੀ), 13 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਸ੍ਰੀ ਰਾਮਲੀਲ੍ਹਾ ਦੁਸਹਿਰਾ ਕਮੇਟੀ ਡੇਰਾਬੱਸੀ ਦੇ ਪ੍ਰਧਾਨ ਅਤੇ ਪਿਛਲੇ ਕਰੀਬ 30 ਸਾਲਾਂ ਤੋਂ ਰਾਮਲੀਲਾ ਵਿਚ...
ਅਜੀਤ ਡੈਸਕ
13-10-2026