ਭਾਮੀਆਂ ਕਲਾਂ/ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਦੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਅਤੇ ਸੀਨੀਅਰ ਕਾਂਗਰਸੀ ਆਗੂ ਜੈਮਲ ਸਿੰਘ ਚੌਹਾਨ ਨੇ ਕਿਹਾ ਕਿ ਸਤਲੁਜ ਦਰਿਆ ਦੇ ਕਿਨਾਰੇ ਤੇ ਕਈ ਪਿੰਡਾਂ ਵਿਚ ਧੜੱਲੇ ਨਾਲ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਜਿਸ ਨੂੰ ਲੈ ਕੇ ਸਰਕਾਰ ਚੁੱਪ ਕਿਉਂ? ਇਸ ਬਾਰੇ ਸਮਝ ਨਹੀਂ ਆ ਰਿਹਾ | ਉਨ੍ਹਾਂ ਕਿਹਾ ਕਿ ਸਤਾ ਵਿਚ ਆਉਣ ਤੋਂ ਪਹਿਲਾਂ ਸੂਬੇ ਦੀ 'ਆਪ' ਸਰਕਾਰ ਹਿੱਕ ਥਾਪੜ ਕੇ ਇਹ ਗੱਲ ਆਖ ਰਹੀ ਸੀ ਕਿ ਪੰਜਾਬ ਅੰਦਰ ਨਜਾਇਜ਼ ਮਾਈਨਿੰਗ ਨਹੀਂ ਚੱਲਣ ਦਿੱਤੀ ਜਾਵੇਗੀ, ਬਲਕਿ ਸਰਕਾਰ ਇਸ ਤੋਂ ਕਰੋੜਾ ਰੁਪਏ ਮਾਲੀਆਂ ਇਕੱਠਾ ਕਰੇਗੀ | ਉਨ੍ਹਾਂ ਨਾਂਅ ਲਏ ਬਗੈਰ ਕੁੱਝ ਸੱਤਾਧਾਰੀ ਦੇ ਆਗੂਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰੇਤ ਦੇ ਕਾਰੋਬਾਰ ਤੋਂ ਮਾਲੀਆਂ ਲੁੱਟ ਕੇ ਆਪਣੀਆਂ ਜੇਬਾਂ ਭਰ ਕੇ ਸਰਕਾਰ ਨੂੰ ਚੂਨਾ ਲਗਾਏ ਰਹੇ ਹਨ | ਬਾਜਵਾ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਕਿ ਉਹ ਨਿਰਪੱਖ ਜਾਂਚ ਕਰਾ ਕੇ ਲੋਕਾਂ ਸਾਹਮਣੇ ਸਚਾਈ ਲਿਆਉਣ ਕਿ ਆਖ਼ਰ ਸਾਹਨੇਵਾਲ ਚੱਲ ਰਹੇ ਗੈਰ ਕਾਨੂੰਨੀ ਮਾਈਨਿੰਗ ਦੇ ਪਿੱਛੇ ਕਿਸ ਸੱਤਾਧਾਰੀ ਆਗੂ ਦਾ ਹੱਥ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਸਾਰੇ ਘੁਟਾਲੇ ਦੀ ਜਾਂਚ ਕਰਵਾ ਕੇ ਜਿਹੜੇ ਲੋਕਾਂ ਨੇ ਗੈਰ ਕਾਨੂੰਨੀ ਮਾਈਨਿੰਗ ਕਰਕੇ ਆਪਣੀਆਂ ਤਜੌਰੀਆਂ ਭਰੀਆਂ ਹਨ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕਰਵਾ ਕੇ ਰਹਾਂਗੇ | ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਜੈਮਲ ਸਿੰਘ ਚੌਹਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵਿੰਦਰ ਸਿੰਘ ਨੂਰਵਾਲ, ਸਰਪੰਚ ਰੁਪਿੰਦਰ ਸਿੰਘ ਨੂਰਵਾਲ, ਕਮਲਜੀਤ ਸਿੰਘ ਬੋਪਾਰਾਏ, ਰੁਪਿੰਦਰ ਸਿੰਘ ਗਰਚਾ, ਈਸ਼ਵਰ ਸਿੰਘ ਆਦਿ ਹਾਜ਼ਰ ਸਨ |