ਲੁਧਿਆਣਾ, 31 ਅਗਸਤ (ਜਗਮੀਤ ਸਿੰਘ)-ਬੀਤੇ ਦਿਨੀਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਦਮੋਰੀਆ ਪੁੱਲ 'ਤੇ ਇਕ ਮੋਬਾਇਲ ਚੋਰ ਕੋਲੋਂ ਆਪਣਾ ਮੋਬਾਇਲ ਵਾਪਸ ਲੈਣ ਲਈ ਉਸ ਨਾਲ ਭਿੜੇ ਬੀ.ਐਸ.ਐਫ. ਦੇ ਜਵਾਨ ਅਮਨ ਜੈਸਵਾਲ ਪੁੱਤਰ ਰਾਕੇਸ਼ ਜੈਸਵਾਲ ਵਾਸੀ ਬਰੇਲੀ, ਉਤੱਰ ਪ੍ਰਦੇਸ਼ ਦੀਆਂ ਦੋਵੇਂ ਲੱਤਾਂ ਰੇਲ ਗੱਡੀ ਹੇਠਾਂ ਆ ਕੇ ਕੱਟੀਆਂ ਗਈਆਂ ਸਨ ਅਤੇ ਸੱਜੇ ਹੱਥ ਦੀਆਂ ਉਂਗਲਾਂ ਵੀ ਕੱਟੀਆਂ ਗਈਆਂ ਸਨ | ਜਿਸਦੇ ਬਾਅਦ ਪੁਲਿਸ ਨੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਫੌਜੀ ਜਵਾਨ ਨੂੰ ਹਸਪਤਾਲ ਭਰਤੀ ਕਰਵਾਉਣ ਦੇ ਬਾਅਦ ਮੋਬਾਇਲ ਚੋਰ ਨੂੰ ਗਿ੍ਫਤਾਰ ਕਰਨ ਲਈ ਉਸਦੀ ਭਾਲ 'ਚ ਟੀਮਾਂ ਤਾਇਨਾਤ ਕੀਤੀਆਂ ਹਨ | ਦੱਸ ਦਈਏ ਕਿ ਬੀ.ਐਸ.ਐਫ. ਦਾ ਜਵਾਬ ਅਮਨ ਜੈਸਵਾਲ ਦੀ ਜਲੰਧਰ ਕੈਂਟ 'ਚ ਪੋਸਟਿੰਗ ਸੀ ਅਤੇ ਕਰੀਬ 4 ਮਹੀਨੇ ਪਹਿਲਾਂ ਪੱਛਮੀ ਬੰਗਾਲ ਦੇ ਕੋਲਕੱਤਾ 'ਚ ਹੋਈ ਬਦਲੀ ਦੇ ਬਾਅਦ ਉਹ ਆਪਣਾ ਸਮਾਨ ਲੈਣ ਵਾਸਤੇ ਤਿੰਨ ਦਿਨ ਦੀ ਛੁੱਟੀ ਲੈ ਕੇ ਜਲੰਧਰ ਆ ਰਿਹਾ ਸੀ ਅਤੇ ਲੁਧਿਆਣਾ 'ਚ ਉਸ ਨਾਲ ਇਹ ਮਾੜੀ ਘਟਨਾ ਵਾਪਰ ਗਈ | ਪੁਲਿਸ ਵਲੋਂ ਚੋਰ ਦੀ ਭਾਲ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੀ ਚੈਕੱ ਕੀਤੀ ਜਾ ਰਹੀ ਹੈ |