ਲਾਡੋਵਾਲ, 31 ਅਗਸਤ (ਬਲਬੀਰ ਸਿੰਘ ਰਾਣਾ)-ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਬੇਹੱਦ ਪਾਣੀ ਆਉਣ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ, ਉਥੇ ਨਾਲ ਹੀ ਘਰਾਂ ਵਿਚ ਲਗਭਗ 6 ਫੁੱਟ ਪਾਣੀ ਵੜ ਜਾਣ ਕਾਰਨ ਲੋਕਾਂ ਨੂੰ ਘਰੋਂ ਬੇਘਰ ਵੀ ਹੋਣਾ ਪੈ ਰਿਹਾ ਹੈ | ਕਈ ਅਜਿਹੇ ਪਿੰਡ ਵੀ ਹਨ, ਜਿੱਥੋਂ ਦੇ ਲੋਕਾਂ ਦੇ ਪਸ਼ੂ ਡੰਗਰ ਵੀ ਇਸ ਹੜ੍ਹਾਂ ਦੇ ਪਾਣੀ ਵਿਚ ਰੁੜ੍ਹ ਗਏ ਹਨ | ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤ ਕਿਸਾਨਾਂ ਅਤੇ ਆਮ ਲੋਕਾਂ ਦੇ ਢਹਿ ਚੁੱਕੇ ਘਰਾਂ, ਹੋਰ ਹੋਏ ਨੁਕਸਾਨ ਦੀ ਬਿਨਾਂ ਕਿਸੇ ਦੇਰੀ ਤੋਂ ਜਲਦ ਤੋਂ ਜਲਦ ਭਰਮਾਈ ਕੀਤੀ ਜਾਵੇ | ਉਕਤ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ, ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਉਘੇ ਕਿਸਾਨ ਸੁਖਮੀਤ ਸਿੰਘ ਕਾਦੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਕਾਦੀਆਂ ਨੇ ਕਿਹਾ ਕਿ ਸਰਕਾਰਾਂ ਵਲੋਂ ਵਰਤੀ ਗਈ ਢਿੱਲ ਅਤੇ ਅਣਗਹਿਲੀ ਕਾਰਨ ਅੱਜ ਪੰਜਾਬ ਅਤੇ ਪੰਜਾਬੀਆਂ ਨੂੰ ਵੱਡੇ ਪੱਧਰ 'ਤੇ ਹੋਏ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਇਸ ਮਾਰ ਦਾ ਮਾਝੇ ਦੇ ਜ਼ਿਲੇ੍ਹ ਸ੍ਰੀ ਅੰਮਿ੍ਤਸਰ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਸੁਲਤਾਨਪੁਰ ਲੋਧੀ, ਜਦਕਿ ਮਾਲਵੇ ਦੇ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਵੀ ਕਿਸਾਨਾਂ ਦਾ ਵੱਡੀ ਪੱਧਰ 'ਤੇ ਬੇਹੱਦ ਨੁਕਸਾਨ ਹੋ ਚੁੱਕਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਜ਼ਿਲਿ੍ਹਆਂ ਵਿਚ ਕਿਸਾਨਾਂ ਦੀਆਂ ਸਾਉਣੀ ਦੀਆਂ ਫ਼ਸਲਾਂ ਤਾਂ ਲਗਭਗ ਤਬਾਹ ਹੋ ਹੀ ਚੁੱਕੀਆਂ ਹਨ, ਕਈ ਕਿਸਾਨਾਂ ਨੇ ਠੇਕੇ 'ਤੇ ਜ਼ਮੀਨਾਂ ਲੈ ਕੇ ਕਰਜ਼ੇ ਚੁੱਕ ਕੇ ਫ਼ਸਲਾਂ ਬੀਜੀਆਂ ਸਨ, ਲੇਕਿਨ ਕਿਸਾਨਾਂ ਨੂੰ ਹੁਣ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਅਤੇ ਠੇਕੇ ਭਰਨ ਦੀ ਚਿੰਤਾ ਦਿਨ ਰਾਤ ਸਤਾਅ ਰਹੀ ਹੈ | ਕਾਦੀਆਂ ਨੇ ਕਿਹਾ ਕਿ ਜਿੱਥੇ ਸਾਉਣੀ ਦੀ ਫ਼ਸਲ ਤਬਾਹ ਹੋ ਚੁੱਕੀ ਹੈ, ਉਥੇ ਅੱਗੇ ਇਨ੍ਹਾਂ ਜ਼ਮੀਨਾਂ ਵਿਚ ਹੜ੍ਹਾਂ ਦੇ ਪਾਣੀ ਦੀ ਗੱਬ ਜੰਮ ਜਾਣ ਕਾਰਨ ਹਾੜ੍ਹੀ ਦੀ ਫ਼ਸਲ (ਕਣਕ) ਦੀ ਵੀ ਘੱਟ ਹੋਣ ਦੀ ਉਮੀਦ ਜਾਪਦੀ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੀੜਤ ਕਿਸਾਨਾਂ ਅਤੇ ਹੋਰਾਂ ਦੀ ਅੱਗੇ ਹੋ ਬਾਂਹ ਫੜਨ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ ਦੇ ਕਿਸਾਨਾਂ ਦਾ ਬਿਨਾ ਕਿਸੇ ਸ਼ਰਤ ਅਤੇ ਬਿਨਾਂ ਕਿਸੇ ਭੇਦਭਾਵ ਕਿਸਾਨਾਂ ਦੇ ਸਾਰੇ ਕਰਜ਼ਿਆਂ ਨੂੰ ਮੁਆਫ਼ ਕਰੇ, ਕਰਜ਼ਿਆਂ 'ਤੇ ਲੀਕ ਮਾਰ ਕੇ ਕਿਸਾਨਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਦਿਲ ਖੋਲ੍ਹ ਕੇ ਮਦਦ ਕਰੇ |