ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਹਰਨਾਮ ਨਗਰ ਵਿਖੇ ਲੋੜਵੰਦ ਮਰੀਜ਼ਾਂ ਲਈ ਚੱਲ ਰਹੀਆਂ ਆਧਨਿਕ ਸਿਹਤ ਸੁਵਿਧਾਵਾਂ ਤੇ ਸਹੂਲਤਾਂ ਨੂੰ ਦੇਖਣ ਲਈ ਉਚੇਚੇ ਤੌਰ 'ਤੇ ਪੁੱਜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਮੁੱਖ ਅਰਦਾਸੀਏ ਸਿੰਘ ਭਾਈ ਪ੍ਰੇਮ ਸਿੰਘ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ ਦੀ ਪ੍ਰਬੰਧਕੀ ਕਮੇਟੀ ਦੀ ਸੁਹਿਰਦ ਸੋਚ ਵਾਲੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਇਲਾਕੇ ਦੇ ਲੋੜਵੰਦ ਮਰੀਜ਼ਾਂ ਲਈ ਵਰਦਾਨ ਬਣ ਚੁੱਕਾ ਹੈ | ਇਸ ਦੌਰਾਨ ਉਨ੍ਹਾਂ ਨੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋ ਮਨੁੱਖੀ ਸੇਵਾ ਕਾਰਜਾਂ ਦੀ ਲੜੀ ਤਹਿਤ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੂੰ ਹੋਰ ਆਧੁਨਿਕ ਬਣਾਉਣ ਤੇ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਵਿਚ ਆਪਣੀ ਕਿਰਤ ਕਮਾਈ ਵਿੱਚੋਂ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਕਿ ਸੇਵਾ ਕਾਰਜਾਂ ਦੀ ਲੜੀ ਨਿਰੰਤਰ ਚੱਲਦੀ ਰਹੇ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ ਨੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਸਲੂਜਾ ਨੇ ਭਾਈ ਪ੍ਰੇਮ ਸਿੰਘ ਨੂੰ ਹਸਪਤਾਲ ਦਾ ਮੁਆਈਨਾ ਕਰਵਾਉਦਿਆਂ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ 'ਚ ਹਸਪਤਾਲ ਅੰਦਰ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਹਸਪਤਾਲ ਦੇ ਆਰਥੋ ਡਿਪਾਰਟਮੇਂਟ ਲਈ ਨਵੀਂ ਐਕਸਰੇ ਮਸ਼ੀਨ ਵੀ ਸਥਾਪਿਤ ਕੀਤੀ ਜਾਵੇਗੀ | ਇਸ ਦੌਰਾਨ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਬਲਦੇਵ ਸਿੰਘ, ਗੁਰਚਰਨ ਸਿੰਘ ਚੰਨ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਟੋਨੀ ਮੱਕੜ, ਕੁਲਵਿੰਦਰ ਸਿੰਘ ਲਾਡੀ ਦਿਲਜੰਗ ਸਿੰਘ, ਅਮਰਜੀਤ ਸਿੰਘ ਪਰੂਥੀ, ਜਗਤਾਰ ਸਿੰਘ ਸੋਨੀ, ਮਹਿੰਦਰਪਾਲ ਸਿੰਘ ਗਲਹੋਤਰਾ, ਕੁਲਦੀਪ ਸਿੰਘ ਦੀਪਾ, ਭੁਪਿੰਦਰ ਸਿੰਘ ਸਲੂਜਾ, ਰਜਿੰਦਰ ਸਿੰਘ ਸਲੂਜਾ, ਸੁਰਿੰਦਰਪਾਲ ਸਿੰਘ ਜਸਬੀਰ ਸਿੰਘ, ਹਰਕਿ੍ਸ਼ਨ ਸਿੰਘ ਮਕੱੜ, ਹਰਮਨਦੀਪ ਸਿੰਘ, ਭੁਪਿੰਦਰ ਸਿੰਘ ਛਾਬੜਾ, ਕੰਵਲਜੀਤ ਸਿੰਘ ਛਾਬੜਾ, ਮਨੋਹਰ ਸਿੰਘ ਮਕੱੜ, ਮਹਿੰਦਰ ਸਿੰਘ ਕੰਡਾ, ਭਾਈ ਉਮਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |