ਲੁਧਿਆਣਾ, 21 ਜੁਲਾਈ (ਜਗਮੀਤ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਦਫ਼ਤਰ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ | ਬੀਤੇ ਦਿਨੀਂ ਅਦਾਲਤ ਦੇ ਹੁਕਮਾਂ ਦੇ ਬਾਅਦ ਜਦੋਂ ਦਫ਼ਤਰ ਵਾਲੀ ਜਗ੍ਹਾ ਦੀ ਅਸਲ ਮਾਲਕ ਵਿੰਮੀ ਗੋਗਨਾ ਨੇ ਅਦਾਲਤ ਦੇ ਵੈਲਫ ਦੇ ਨਾਲ ਦਫ਼ਤਰ ਨੂੰ ਖਾਲੀ ਕਰਵਾਉਣ ਦੇ ਬਾਅਦ ਕਥਿਤ ਰੂਪ ਨਾਲ ਆਪਣਾ ਤਾਲਾ ਲਗਾ ਦਿੱਤਾ ਤਾਂ ਮੌਕੇ 'ਤੇ ਪਹੰੁਚੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ, ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਹੈਪੀ ਲਾਲੀ ਅਤੇ ਸਾਥੀਆਂ ਨੇ ਆਪਣਾ ਸਾਮਾਨ ਮੁੜ ਤੋਂ ਕਾਂਗਰਸ ਭਵਨ 'ਚ ਰੱਖਦੇ ਹੋਏ ਆਪਣਾ ਤਾਲਾ ਲਗਾ ਦਿੱਤਾ | ਜ਼ਿਕਰਯੋਗ ਹੈ ਕਿ ਕਾਂਗਰਸ ਭਵਨ ਵਾਲੀ ਜਗ੍ਹਾ ਦੀ ਮਾਲਕ ਵਿੰਮੀ ਗੋਗਨਾ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਇਸ ਜਗ੍ਹਾ ਦਾ ਕਿਰਾਇਆ ਨਹੀਂ ਮਿਲ ਰਿਹਾ ਸੀ, ਜਿਸ ਕਾਰਨ ਉਸ ਨੇ ਅਦਾਲਤ ਦਾ ਸਹਾਰਾ ਲੈਂਦੇ ਹੋਏ ਆਪਣੀ ਜਗ੍ਹਾ ਨੂੰ ਖਾਲੀ ਕਰਨ ਦੇ ਹੁਕਮ ਲਏ ਸਨ, ਪਰ ਕਾਂਗਰਸ ਭਵਨ ਨੂੰ ਖਾਲੀ ਕਰਵਾਉਣ ਦੌਰਾਨ ਵਿਵਾਦ ਹੋ ਗਿਆ ਸੀ ਅਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਸੰਜੇ ਤਲਵਾੜ ਵਲੋਂ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਫ਼ੈਸਲਾ ਆਉਣ ਦੀ ਗੱਲ ਕਹੀ ਸੀ | ਹੁਣ ਇਸ ਮਾਮਲੇ 'ਚ ਵਿੰਮੀ ਗੋਗਨਾ ਨੇ ਜ਼ਿਲ੍ਹਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੰਦੇ ਹੋਏ ਗੰਭੀਰ ਦੋਸ਼ ਲਗਾਏ ਹਨ | ਵਿੰਮੀ ਗੋਗਨਾ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਯੂਥ ਆਗੂ ਹੈਪੀ ਲਾਲੀ ਅਤੇ ਰਿੱਕੀ ਨੇ ਆਪਣੇ ਸਾਥੀਆਂ ਸਮੇਤ ਅਦਾਲਤ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਦੀ ਜਗ੍ਹਾ ਉਪਰ ਜ਼ਬਰਦਸਤੀ ਕਥਿਤ ਤੌਰ 'ਤੇ ਕਬਜ਼ਾ ਕਰਦੇ ਹੋਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ | ਵਿੰਮੀ ਗੋਗਨਾ ਨੇ ਦੋਸ਼ ਲਗਾਇਆ ਕਿ ਕਾਂਗਰਸ ਭਵਨ ਖਾਲੀ ਕਰਵਾਉਣ ਦੌਰਾਨ ਉਥੋਂ ਇਤਰਾਜ਼ਯੋਗ ਨਸ਼ੀਲੇ ਪਦਾਰਥ ਵੀ ਮਿਲੇ ਹਨ | ਵਿੰਮੀ ਗੋਗਨਾ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ 'ਚ ਆਪਣੇ ਪਰਿਵਾਰ ਦੇ ਜਾਨ-ਮਾਲ ਦੀ ਸੁਰੱਖਿਆ ਦੀ ਅਪੀਲ ਵੀ ਕੀਤੀ ਹੈ | ਜ਼ਿਲ੍ਹਾ ਪੁਲਿਸ ਕਮਿਸ਼ਨਰ ਵਲੋਂ ਇਸ ਮਾਮਲੇ ਦੀ ਜਾਂਚ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਦਵਿੰਦਰ ਚੌਧਰੀ ਨੂੰ ਸੌਂਪੀ ਗਈ ਹੈ | ਜ਼ਿਲ੍ਹਾ ਕਾਂਗਰਸ ਭਵਨ ਦਾ ਇਹ ਵਿਵਾਦ ਕਿਥੇ ਜਾ ਕੇ ਰੁਕਦਾ ਹੈ, ਆਉਣ ਵਾਲੇ ਸਮੇਂ 'ਚ ਹੀ ਪਤਾ ਚੱਲ ਸਕੇਗਾ |