ਲੁਧਿਆਣਾ, 20 ਜੁਲਾਈ (ਭੁਪਿੰਦਰ ਸਿੰਘ ਬੈਂਸ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਵਲੋਂ ਸਿੱਖਿਆ ਵਿਭਾਗ ਦੇ ਪ੍ਰਮੋਸ਼ਨ ਸੈਲ ਵਲੋਂ ਬੀਤੇ ਦਿਨ ਜਾਰੀ ਕੀਤੀ ਗਈ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਦੀ ਪਦਉਨਤ ਸੂਚੀ 'ਤੇ ਰੋਕ ਲਗਾਉਣ 'ਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਕੇਡਰ ਵਿਚ ਮਾਨਸਿਕ ਤੌਰ 'ਤੇ ਨਿਰਾਸ਼ਾ ਪਾਈ ਜਾ ਰਹੀ ਹੈ, ਉਥੇ ਅਧੂਰੀ ਸੀਨੀਆਰਤਾ ਸੂਚੀ ਨਾਲ ਹੋਈਆਂ ਪਦਉਨਤੀਆਂ ਨੇ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜੇ ਕੀਤੇ ਹਨ | ਯੂਨੀਅਨ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਵਿਭਾਗ ਦੇ ਉਚ ਅਧਿਕਾਰੀਆਂ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ | ਉਨ੍ਹਾਂ ਕਿਹਾ ਕਿ ਪਦਉਨਤੀ ਸੂਚੀ 'ਤੇ ਰੋਕ ਪਹਿਲੀ ਵਾਰ ਨਹੀਂ ਹੋਈ, ਇਸ ਤੋਂ ਪਹਿਲਾਂ ਵੀ ਉਚ ਅਧਿਕਾਰੀਆਂ ਦੀ ਅਣਗਹਿਲੀ ਸਦਕਾ ਵਿਭਾਗ ਨੂੰ ਪਦਉਨਤ ਸੂਚੀ 'ਤੇ ਰੋਕ ਲਾਉਣੀ ਪਈ ਸੀ | ਢਿੱਲੋਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਵਿਸ਼ੇ ਦੀਆਂ ਸੋਧੀਆਂ ਤਰੱਕੀਆਂ ਦੀਆਂ ਲਿਸਟਾਂ ਜਲਦ ਜਾਰੀ ਕੀਤੀਆਂ ਜਾਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ | ਵਿਭਾਗ ਨੂੰ ਪੂਰੀ ਜਾਂਚ ਪੜਤਾਲ ਮੁਕੰਮਲ ਕਰਨ ਉਪਰੰਤ ਹੀ ਪਦਉਨਤੀਆਂ ਸੂਚੀਆਂ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਅਜਿਹੇ ਫ਼ੈਸਲੇ ਲੈਣੇ ਨਾ ਪੈਣ ਅਤੇ ਅਧਿਆਪਕ ਵਰਗ ਨੂੰ ਵਾਰ-ਵਾਰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |