ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਇਕ ਔਰਤ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੀ ਗਈ ਔਰਤ ਦੀ ਸ਼ਨਾਖ਼ਤ ਊਸ਼ਾ ਪਤਨੀ ਸਤਨਾਮ ਵਾਸੀ ਪਿੰਡ ਗਹੋਰ, ਜ਼ਿਲ੍ਹਾ ਜਲੰਧਰ ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਔਰਤ ਲੁਧਿਆਣਾ ਵਿਚ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਲਈ ਆ ਰਹੀ ਹੈ, ਜਿਸ 'ਤੇ ਪੁਲਿਸ ਵਲੋਂ ਨਵਾਂ ਪੁਲ ਲਾਡੋਵਾਲ ਨੇੜੇ ਨਾਕਾਬੰਦੀ ਕੀਤੀ ਤਾਂ ਉਕਤ ਕਥਿਤ ਦੋਸ਼ੀ ਨੂੰ ਉਥੇ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਉਕਤ ਔਰਤ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਵਲੋਂ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਗਿਆ | ਉਸਦੇ ਕਬਜ਼ੇ ਵਿਚੋਂ 22 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਵਲੋਂ ਕੁੱਝ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |