ਲੁਧਿਆਣਾ, 19 ਜੁਲਾਈ (ਜਤਿੰਦਰ ਭੰਬੀ)-ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ 'ਤੇ 5 ਫ਼ੀਸਦੀ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਹਲਕਾ ਇੰਚਾਰਜ ਵੀ ਸ਼ਾਮਿਲ ਹੋਏ | ਇਸ ਮੌਕੇ ਪ੍ਰਾਪਰਟੀ ਟੈਕਸ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਤੋਂ ਇਲਾਵਾ ਸ਼ਹਿਰ ਅੰਦਰ ਸਫ਼ਾਈ ਦੀ ਮਾੜੀ ਵਿਵਸਥਾ ਨੂੰ ਲੈ ਕੇ ਜਿੱਥੇ 'ਆਪ' ਸਰਕਾਰ ਦੀ ਨਿੰਦਾ ਕੀਤੀ ਗਈ ਉਥੇ ਹੀ ਉਕਤ ਆਗੂਆਂ ਨੇ ਸਰਕਾਰ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਮਾਰਟ ਸਿਟੀ ਅਖਵਾਉਣ ਵਾਲਾ ਸਨਅਤੀ ਸ਼ਹਿਰ ਸਫ਼ਾਈ ਪੱਖੋਂ ਪਛੜ ਗਿਆ ਹੈ | ਆਗੂਆਂ ਨੇ ਸਰਕਾਰ 'ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਸਰਕਾਰ ਵਲੋਂ ਆਏ ਦਿਨ ਸੂਬੇ ਦੇ ਲੋਕਾਂ ਤੇ ਕੋਈ ਨਾ ਕੋਈ ਬੋਝ ਤਾਂ ਪਾਇਆ ਜਾ ਰਿਹਾ ਹੈ, ਪਰ ਸਰਕਾਰ ਦਾ ਲੋਕਾਂ ਨੂੰ ਦੇਣ ਵਾਲੀਆਂ ਸੁਵਿਧਾਵਾਂ ਵੱਲ ਕੋਈ ਵੀ ਧਿਆਨ ਨਹੀਂ ਹੈ | ਇਸ ਮੌਕੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੰਗਾਲ ਹੋ ਚੁੱਕੀ 'ਆਪ' ਸਰਕਾਰ ਪਾ ਰਹੀ ਹੈ ਲੋਕਾਂ ਤੇ ਵਾਧੂ ਬੋਝ ਜੋ ਕਿ ਬਰਦਾਸ਼ਤ ਯੋਗ ਨਹੀਂ ਹੈ | ਇਸ ਮੌਕੇ ਰਾਕੇਸ਼ ਪਾਂਡੇ, ਕੁਲਦੀਪ ਸਿੰਘ ਵੈਦ, ਜਥੇਦਾਰ ਬਲਵਿੰਦਰ ਸਿੰਘ ਬੈਂਸ, ਵਿਕਰਮਜੀਤ ਸਿੰਘ ਬਾਜਵਾ, ਮਲਕੀਤ ਸਿੰਘ ਦਾਖਾ, ਜਗਤਾਰ ਸਿੰਘ ਜੱਗਾ, ਰਮਨ ਸੁਬਰਾਮਨੀਅਮ, ਸੁਰਿੰਦਰ ਕੂਨਰ, ਹੈਪੀ ਲਾਲੀ, ਪਵਨ ਦੀਵਾਨ, ਕੋਮਲ ਸਿੰਘ, ਜਗਤਾਰ ਸਿੰਘ, ਕੁੰਵਰ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |