ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਕਰਤਾਰ ਨਗਰ ਵਿਚ ਅੱਜ ਤੜਕੇ ਮਾਂ ਨਾਲ ਘਰ ਵਿਚ ਸੌਂ ਰਹੀ ਇਕ ਸੱਤ ਮਹੀਨੇ ਦੀ ਬੱਚੀ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਕਾਰਵਾਈ ਕਰਦਿਆਂ ਅੱਜ ਬਾਅਦ ਦੁਪਹਿਰ ਬੱਚੀ ਨੂੰ ਘਰ ਦੇ ਨੇੜੇ ਖ਼ਾਲੀ ਪਲਾਟ ਵਿਚ ਬਰਾਮਦ ਕਰ ਲਿਆ ਹੈ, ਪਰ ਹਾਲ ਦੀ ਘੜੀ ਦੋਸ਼ੀ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ | ਜਾਣਕਾਰੀ ਅਨੁਸਾਰ ਨਿਊ ਕਰਤਾਰ ਨਗਰ ਦੀ ਗਲੀ ਨੰਬਰ 6 ਵਿਚ ਰਹਿਣ ਵਾਲਾ ਗੁਰਪ੍ਰੀਤ ਸਿੰਘ ਦਾ ਹੋਟਲ ਪ੍ਰਬੰਧਾਂ ਦਾ ਕਾਰੋਬਾਰ ਹੈ ਅਤੇ ਬੀਤੀ ਰਾਤ ਉਹ ਆਪਣੇ ਹਿੱਸੇਦਾਰ ਨਾਲ ਜੀਰਕਪੁਰ ਗਿਆ ਹੋਇਆ ਸੀ | ਜਦਕਿ ਘਰ ਵਿਚ ਉਸਦੀ ਪਤਨੀ ਮੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਸਨ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ 12.00 ਵਜੇ ਤੱਕ ਮੀਤ ਕੌਰ ਨਾਲ ਉਸ ਦੀ ਗੱਲ ਹੁੰਦੀ ਰਹੀ, ਪਰ ਇਸ ਤੋਂ ਬਾਅਦ ਉਸ ਦੀ ਪਤਨੀ ਆਪਣੀ ਤਿੰਨ ਬੱਚਿਆਂ ਨਾਲ ਉਥੇ ਸੌਂ ਗਈ | ਸਵੇਰੇ ਜਦੋਂ ਇਕ ਬੱਚੀ ਦੀ ਰੋਣ ਦੀ ਆਵਾਜ਼ ਆਈ ਤਾਂ ਉਹ ਉਠ ਪਈ | ਉਸ ਦੇਖਿਆ ਕਿ ਉਸਦੀ ਸਭ ਤੋਂ ਛੋਟੀ ਬੱਚੀ ਦੀਵਾਂਸ਼ੀ ਉਰਫ਼ ਰੋਹੀ ਬਿਸਤਰ 'ਤੇ ਨਹੀਂ ਹੈ | ਉਸਨੇ ਆਪਣੇ ਤੌਰ 'ਤੇ ਉਸਦੀ ਭਾਲ ਕੀਤੀ, ਪਰ ਜਦੋਂ ਬੱਚੀ ਦਾ ਪਤਾ ਨਾ ਲੱਗਿਆ ਤਾਂ ਉਸਨੇ ਇਸਦੀ ਸੂਚਨਾ ਆਪਣੇ ਪਤੀ ਨੂੰ ਦਿੱਤੀ | ਸੂਚਨਾ ਮਿਲਦਿਆਂ ਪਤੀ ਘਰ ਆ ਗਿਆ ਅਤੇ ਪਰਿਵਾਰਿਕ ਮੈਂਬਰਾਂ ਨਾਲ ਪੂਰਾ ਮੁਹੱਲਾ ਬੱਚੀ ਦੀ ਭਾਲ ਕਰਦਾ ਰਿਹਾ | ਸਵੇਰ ਤੱਕ ਜਦੋਂ ਬੱਚੀ ਦਾ ਪਤਾ ਨਾ ਲੱਗਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਬੱਚੀ ਦਾ ਪਤਾ ਨਾ ਲੱਗਿਆ | ਬਾਅਦ ਦੁਪਹਿਰ ਪੁਲਿਸ ਵਲੋਂ ਇਕ ਵਾਰ ਮੁੜ ਤੋਂ ਜਦੋਂ ਆਪਣਾ ਆਪੇ੍ਰਸ਼ਨ ਸ਼ੁਰੂ ਕੀਤਾ ਤਾਂ ਘਰ ਦੇ ਪਿਛਲੇ ਪਾਸੇ ਸਥਿਤ ਇਕ ਖ਼ਾਲੀ ਪਲਾਟ ਵਿਚ ਇਕ ਵੱਡੇ ਟੋਏ ਵਿਚੋਂ ਪੁਲਿਸ ਨੇ ਬੱਚੀ ਨੂੰ ਬਰਾਮਦ ਕਰ ਲਿਆ | ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਧ ਰਹੇ ਦਬਾਅ ਕਾਰਨ ਅਗਵਾਕਾਰ ਬੱਚੀ ਨੂੰ ਟੋਏ ਵਿਚ ਸਟ ਕੇ ਫ਼ਰਾਰ ਹੋ ਗਿਆ ਹੈ, ਪਰ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਅਗਵਾਕਾਰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ |