ਲੁਧਿਆਣਾ, 16 ਜੁਲਾਈ (ਜਤਿੰਦਰ ਭੰਬੀ)-ਆਲ ਇੰਡੀਆ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਇਕਾਈ ਲੁਧਿਆਣਾ ਸ਼ਹਿਰੀ ਕਾਂਗਰਸ ਦਾ ਸ਼ਹਿਰ ਦੇ ਘੰਟਾ ਘਰ ਚੌਕ ਨੇੜੇ ਬਣਿਆ ਹੋਇਆ ਦਫ਼ਤਰ ਉਸ ਸਮੇਂ ਵਿਵਾਦਾਂ 'ਚ ਆ ਗਿਆ, ਜਦੋਂ ਦਫ਼ਤਰ ਦੀ ਜਗ੍ਹਾ ਦੀ ਮਾਲਕ ਵਲੋਂ ਅਦਾਲਤ 'ਚ ਕੀਤੇ ਗਏ ਕੇਸ ਦੇ ਚਲਦੇ ਕਾਂਗਰਸ ਦਫ਼ਤਰ ਨੂੰ ਖ਼ਾਲੀ ਕਰਵਾਉਣ ਦੇ ਹੁਕਮ ਸੁਣਾ ਦਿੱਤੇ ਗਏ ਅਤੇ ਅਦਾਲਤ ਦੇ ਵੈਲਫ ਦੀ ਮੌਜੂਦਗੀ 'ਚ ਕਾਂਗਰਸ ਦਫ਼ਤਰ ਦਾ ਸਮਾਨ ਬਾਹਰ ਕੱਢਿਆ ਜਾਣ ਲੱਗਾ, ਜਿਸ ਦਾ ਪਤਾ ਲੱਗਣ 'ਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਆਪਣੇ ਸਾਥੀਆਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਦਫ਼ਤਰ ਖ਼ਾਲੀ ਕੀਤੇ ਜਾਣ ਦਾ ਵਿਰੋਧ ਕਰਨ ਲੱਗੇ | ਜਾਣਕਾਰੀ ਅਨੁਸਾਰ ਜ਼ਿਲ੍ਹਾ ਕਾਂਗਰਸ ਦਫ਼ਤਰ ਦੀ 650 ਵਰਗ ਗਜ਼ ਜਗ੍ਹਾ ਦੀ ਅਸਲ ਮਾਲਕ ਸਰਾਭਾ ਨਗਰ ਨਿਵਾਸੀ ਵਿੰਮੀ ਗਿੱਲ ਨਾਮਕ ਔਰਤ ਵਲੋਂ ਪਿਛਲੇ ਕਈ ਸਾਲਾਂ ਤੋਂ ਕਿਰਾਇਆ ਨਾ ਮਿਲਣ ਕਾਰਨ ਤਿੰਨ ਸਾਲ ਪਹਿਲਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ, ਜਿਸ ਨੰੂ ਲੈ ਕੇ ਅਦਾਲਤ ਨੇ ਜ਼ਿਲ੍ਹਾ ਕਾਂਗਰਸ ਦਾ ਦਫ਼ਤਰ ਖ਼ਾਲੀ ਕਰਵਾਉਣ ਅਤੇ ਕਬਜ਼ਾ ਅਸਲ ਮਾਲਕ ਵਿੰਮੀ ਗਿੱਲ ਨੂੰ ਦੇਣ ਦਾ ਫ਼ੈਸਲਾ ਸੁਣਾ ਦਿੱਤਾ, ਜਿਸ 'ਤੇ ਅਦਾਲਤ ਦੇ ਵੈਲਣ ਦੀ ਮੌਜੂਦਗੀ 'ਚ ਜ਼ਿਲ੍ਹਾ ਕਾਂਗਰਸ ਦਾ ਦਫ਼ਤਰ ਖ਼ਾਲੀ ਕਰਵਾਇਆ ਜਾ ਰਿਹਾ ਸੀ | ਜ਼ਿਲ੍ਹਾ ਕਾਂਗਰਸ ਦਾ ਦਫ਼ਤਰ ਖ਼ਾਲੀ ਕਰਵਾਉਣ ਸਮੇਂ ਜ਼ਿਲ੍ਹਾ ਕਾਂਗਰਸ ਦੇ ਬੋਰਡ ਅਤੇ ਦਫ਼ਤਰ ਉਪਰ ਕਾਲਾ ਰੰਗ ਵੀ ਕਰ ਦਿੱਤਾ ਗਿਆ | ਇਸ ਮਾਮਲੇ 'ਚ ਕੁੱਝ ਸਮਾਂ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਣ ਅਤੇ ਫਿਰ ਸਮਝੌਤਾ ਸਿਰੇ ਨਾ ਚੜ੍ਹਨ ਦੀ ਵੀ ਚਰਚਾ ਹੈ | ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਸੰਜੇ ਤਲਵਾੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਦਾਲਤੀ ਕੇਸ ਸਬੰਧੀ ਕੋਈ ਨੋਟਿਸ ਨਹੀਂ ਮਿਲਿਆ, ਬਲਕਿ ਅੱਜ ਸਿੱਧੇ ਦਫ਼ਤਰ ਦਾ ਸਮਾਨ ਬਾਹਰ ਕੱਢਿਆ ਜਾਣ ਲੱਗਾ, ਜਿਸ ਬਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ | ਇਸ 'ਤੇ ਉਨ੍ਹਾਂ ਮੌਕੇ 'ਤੇ ਪਹੁੰਚ ਇਸਦਾ ਵਿਰੋਧ ਕਰਦੇ ਹੋਏ ਸਬੰਧਿਤ ਥਾਣਾ ਪੁਲਿਸ ਨੂੰ ਸੂਚਨਾ ਦਿੱਤੀ |
ਕਾਂਗਰਸ ਹੋਈ ਦਫ਼ਤਰ ਤੋਂ ਵਾਂਝੀ, ਅਦਾਲਤ ਵਲੋਂ ਦਫ਼ਤਰ ਖ਼ਾਲੀ ਕਰਵਾਉਣ ਦੇ ਹੁਕਮ <br/>
ਅਜੀਤ ਡੈਸਕ
17-07-2025