ਫੁੱਲਾਂਵਾਲ, 15 ਜੁਲਾਈ (ਮਨਜੀਤ ਸਿੰਘ ਦੁੱਗਰੀ)-ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਜੈਨ ਮੰਦਰ ਚੌਕ ਤੋਂ ਪਿੰਡ ਧਾਂਦਰਾ ਨੂੰ ਜਾਂਦੀ ਸੜਕ ਨੂੰ ਨੌ ਟੋਲਰੈਂਸ ਜ਼ੋਨ ਐਲਾਨੇ ਜਾਣ ਤੋਂ ਬਾਅਦ ਅੱਜ ਪੰਜਾਬ ਪੁਲਿਸ ਟਰੈਫ਼ਿਕ ਜੋਨ ਨੰਬਰ 6 ਦੀ ਇੰਚਾਰਜ ਸਬ-ਇੰਸਪੈਕਟਰ ਬਿਬਲਪਾਲ ਕੌਰ ਨੇ ਆਪਣੀ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦਿਆਂ ਜਿੱਥੇ ਧਾਂਦਰਾ ਸੜਕ 'ਤੇ ਪਾਰਕ ਕੀਤੀ ਕਾਲੇ ਰੰਗ ਦੀ ਸਕਾਰਪੀਓ ਕਾਰ ਨੂੰ ਸੜਕ ਤੋਂ ਚੁਕਵਾਇਆ, ਉੱਥੇ ਹੀ ਗਲਤ ਢੰਗ ਨਾਲ ਪਾਰਕ ਕੀਤੀਆਂ ਕਾਰਾਂ ਦੇ ਚਲਾਨ ਵੀ ਕੀਤੇ ਗਏ | ਉਨ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸੜਕ ਨੂੰ ਨੋ ਟੋਲਰੈਂਸ ਜ਼ੋਨ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਵਲੋਂ ਇਸ ਨੂੰ ਖਾਲੀ ਕਰਵਾਉਣ ਦੇ ਮਕਸਦ ਨਾਲ ਇੱਥੇ ਖੜੇ ਰੇੜੀ-ਫੜ੍ਹੀ ਵਾਲਿਆਂ ਨੂੰ ਸੜਕ ਤੋਂ ਹਟਾਇਆ ਗਿਆ, ਉੱਥੇ ਹੀ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਅਤੇ ਬੋਰਡਾਂ ਨੂੰ ਹਟਾਉਣ ਲਈ ਵੀ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਜੇਕਰ ਦੁਕਾਨਦਾਰਾਂ ਵਲੋਂ ਵਾਰਨਿੰਗ ਤੋਂ ਬਾਅਦ ਵੀ ਸੜਕਾਂ 'ਤੇ ਕੋਈ ਸਾਮਾਨ ਵਗੈਰਾ ਰੱਖਿਆ ਗਿਆ ਤਾਂ ਉਨ੍ਹਾਂ ਉੱਪਰ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਟਰੈਫ਼ਿਕ ਪੁਲਿਸ ਦੇ ਧਾਂਦਰਾ ਸੜਕ 'ਤੇ ਪਹੁੰਚਦਿਆਂ ਹੀ ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਚੁੱਕਣ ਕਰਕੇ ਸੜਕ ਅੱਜ ਖਾਲੀ ਖਾਲੀ ਨਜ਼ਰ ਆਈ, ਜਿਸ ਦੀ ਸ਼ਾਮ ਦੇ ਸਮੇਂ ਉਥੋਂ ਲੰਘਣ ਵਾਲੇ ਰਾਹਗੀਰਾਂ ਵਲੋਂ ਖੂਬ ਸ਼ਲਾਘਾ ਕੀਤੀ ਗਈ |